* ਮਾਮਲੇ ਦੀ ਅਗਲੀ ਸੁਣਵਾਈ 23 ਨੂੰ
* ਇਕ ਹੋਰ ਪੀੜਤਾ ਦੇ ਬਿਆਨ ਕੀਤੇ ਜਾਣਗੇ ਰਿਕਾਰਡ
ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਦਿੱਲੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਉੱਤਰੀ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰਾ ਕੇਸ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਪੀੜਤ ਦੀ ਪਤਨੀ ਦੇ ਬਿਆਨ ਦਰਜ ਕਰਨ ਦਾ ਅਮਲ ਪੂਰਾ ਕਰ ਲਿਆ ਹੈ। ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਬਾਦਲ ਸਿੰਘ, ਜਿਸ ਦੀ ਹਿੰਸਕ ਹਜੂਮ ਨੇ ਗੁਰਦੁਆਰੇ ਨੂੰ ਅੱਗ ਲਾਉਣ ਮਗਰੋਂ ਤਿੰਨ ਹੋਰਨਾਂ ਨਾਲ ਹੱਤਿਆ ਕਰ ਦਿੱਤੀ ਸੀ, ਦੀ ਪਤਨੀ ਲਖਵਿੰਦਰ ਕੌਰ ਦੇ ਬਿਆਨ ਕਲਮਬੱਧ ਕੀਤੇ। ਕੌਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਕ ਚਸ਼ਮਦੀਦ ਨੇ ਉਸ ਨੂੰ ਦੱਸਿਆ ਸੀ ਕਿ ਟਾਈਟਲਰ ਇਕ ਵਾਹਨ ਵਿਚ ਉਥੇ ਆਇਆ ਤੇ ਹਜੂਮ ਨੂੰ ਉਕਸਾਇਆ। ਕੌਰ ਨੇ ਕੋਰਟ ਨੂੰ ਦੱਸਿਆ ਕਿ ਉਹ ਸੁਰਿੰਦਰ ਸਿੰਘ, ਜੋ 2008 ‘ਚ ਗੁਰਦੁਆਰੇ ਦੇ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਿਹਾ ਸੀ, ਨੂੰ ਮਿਲੀ ਤੇ ਜਿਸ ਨੇ ਉਸ ਨੂੰ ਇਸ ਘਟਨਾ ਬਾਰੇ ਤਫ਼ਸੀਲ ਵਿਚ ਜਾਣਕਾਰੀ ਦਿੱਤੀ। ਜੱਜ ਵੱਲੋਂ ਹੁਣ ਇਸ ਮਾਮਲੇ ‘ਤੇ 23 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ ਤੇ ਉਸ ਦਿਨ ਇਕ ਹੋਰ ਪੀੜਤ ਮਨਮੋਹਨ ਕੌਰ ਦੇ ਬਿਆਨ ਦਰਜ ਕੀਤੇ ਜਾ ਸਕਦੇ ਹਨ। ਟਾਈਟਲਰ, ਜਿਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਮੌਜੂਦਾ ਸਮੇਂ ਜ਼ਮਾਨਤ ਉੱਤੇ ਹੈ। ਸੈਸ਼ਨਜ਼ ਕੋਰਟ ਨੇ ਪਿਛਲੇ ਸਾਲ ਅਗਸਤ ਵਿਚ ਕਾਂਗਰਸ ਆਗੂ ਨੂੰ ਇਸ ਕੇਸ ਵਿਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ। ਲਖਵਿੰਦਰ ਕੌਰ ਨੇ ਕੋਰਟ ਨੂੰ ਦੱਸਿਆ, ”ਸੁਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੇ ਗੁਰਦੁਆਰੇ ਦੀ ਛੱਤ ਤੋਂ ਇਹ ਪੂਰਾ ਵਾਕਿਆ ਦੇਖਿਆ।” ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਮੇਰੇ ਪਤੀ ਨੂੰ ਗੁਰਦੁਆਰੇ ‘ਚੋਂ ਜਾਂਦੇ ਦੇਖਿਆ ਤੇ ਹਜੂਮ ਵੱਲੋਂ ਉਸ ਉੱਤੇ ਹਮਲਾ ਕਰਦਾ ਦੇਖਿਆ।