#INDIA

’84 ਸਿੱਖ ਵਿਰੋਧੀ ਦੰਗੇ; ਦਿੱਲੀ ਅਦਾਲਤ ਵੱਲੋਂ ਸੱਜਣ ਕੁਮਾਰ ਦੇ ਬਿਆਨ ਦਰਜ

ਨਵੀਂ ਦਿੱਲੀ, 7 ਜੁਲਾਈ (ਪੰਜਾਬ ਮੇਲ)- ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੇ ਬਿਆਨ ਦਰਜ ਕੀਤੇ ਹਨ।
ਵਿਸ਼ੇਸ਼ ਜੱਜ ਡੀ.ਆਈ.ਜੀ. ਵਿਨੈ ਸਿੰਘ ਨੇ ਕੁਮਾਰ ਦੇ ਬਿਆਨ ਦਰਜ ਕੀਤੇ। ਇਸ ਮੌਕੇ ਕਾਂਗਰਸੀ ਆਗੂ ਨੇ ਖ਼ੁਦ ਨੂੰ ਬੇਕਸੂਰ ਕਰਾਰ ਦਿੰਦਿਆਂ ਕਿਹਾ ਕਿ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।
ਮਾਮਲੇ ਦਾ ਮੁਲਜ਼ਮ ਸੱਜਣ ਕੁਮਾਰ ਨਿਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਹੋਇਆ, ਜਿਸ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਗਈ ਅਤੇ ਉਸ ਨੂੰ ਬੇਬੁਨਿਆਦ ਦੋਸ਼ਾਂ ਨਾਲ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ, ”ਕਿਸੇ ਵੀ ਗਵਾਹ ਨੇ ਮੇਰਾ ਨਾਮ ਨਹੀਂ ਲਿਆ। ਦਹਾਕਿਆਂ ਬਾਅਦ ਮੇਰਾ ਨਾਮ ਲਿਆ ਗਿਆ। ਮੇਰੇ ਵਿਰੁੱਧ ਕੇਸ ਝੂਠਾ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ ਹੈ।”
ਇਸ ਪਿੱਛੋਂ ਅਦਾਲਤ ਨੇ ਮਾਮਲੇ ਦੀ ਸੁਣਵਾਈ 29 ਜੁਲਾਈ ‘ਤੇ ਪਾ ਦਿੱਤੀ ਹੈ। ਗ਼ੌਰਤਲਬ ਹੈ ਕਿ ਫਰਵਰੀ 2015 ਵਿਚ ਇੱਕ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਸੱਜਣ ਕੁਮਾਰ ਵਿਰੁੱਧ ਦੋ ਐੱਫ.ਆਈ.ਆਰਜ਼ ਦਰਜ ਕੀਤੀਆਂ ਸਨ।