#INDIA

’84 ਸਿੱਖ ਕਤਲੇਆਮ: ਹਾਈ ਕੋਰਟ ਵੱਲੋਂ ਟਾਈਟਲਰ ਖ਼ਿਲਾਫ਼ ਮੁਕੱਦਮੇ ‘ਤੇ ਰੋਕ ਲਾਉਣ ਤੋਂ ਨਾਂਹ

ਨਵੀਂ ਦਿੱਲੀ, 12 ਨਵੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿਚ ਟਰਾਇਲ ਕੋਰਟ ਵਿਚ ਮੁਕੱਦਮੇ ਦੀ ਕਾਰਵਾਈ ਜਾਰੀ ਰਹੇਗੀ। ਜਸਟਿਸ ਮਨੋਜ ਕੁਮਾਰ ਓਹਰੀ ਟਾਈਟਲਰ ਵੱਲੋਂ ਦਿੱਲੀ ਕੋਰਟ ਵਿਚ ਚੱਲ ਰਹੇ ਮੁਕੱਦਮੇ ਉੱਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਸਨ। ਕੋਰਟ ਵੱਲੋਂ ਇਸ ਮਾਮਲੇ ‘ਤੇ 29 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ।
ਜੱਜ ਨੇ ਹੁਕਮਾਂ ਵਿਚ ਕਿਹਾ, ”ਇਹ ਸਾਫ਼ ਕੀਤਾ ਜਾਂਦਾ ਹੈ ਕਿ ਮੁਕੱਦਮੇ ਦੀ ਕਾਰਵਾਈ ਜਾਰੀ ਰਹੇਗੀ। ਉਂਝ ਇਹ ਮੌਜੂਦਾ ਕਾਰਵਾਈ ਦੇ ਨਤੀਜੇ ਉੱਤੇ ਨਿਰਭਰ ਹੋਵੇਗਾ।” ਟਾਈਟਲਰ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਟਰਾਇਲ ਕੋਰਟ ਵਿਚ ਪ੍ਰੌਸੀਕਿਊਸ਼ਨ ਦੇ ਗਵਾਹ ਦੇ ਬਿਆਨ ਦਰਜ ਕਰਨ ਲਈ ਕੇਸ 12 ਨਵੰਬਰ ਲਈ ਸੂਚੀਬੱਧ ਹੈ ਤੇ ਟਰਾਇਲ ਕੋਰਟ ਨੂੰ ਕਿਹਾ ਜਾਵੇ ਕਿ ਜਦੋਂ ਤੱਕ ਹਾਈ ਕੋਰਟ ਇਸ ਪਟੀਸ਼ਨ ‘ਤੇ ਕੋਈ ਫੈਸਲਾ ਨਹੀਂ ਲੈਂਦੀ, ਦੋਸ਼ ਆਇਦ ਕਰਨ ਦੇ ਅਮਲ ਉੱਤੇ ਉਦੋਂ ਤੱਕ ਰੋਕ ਲਾਈ ਜਾਵੇ। ਆਪਣੇ ਖਿਲਾਫ਼ ਕਤਲ ਤੇ ਹੋਰ ਦੋਸ਼ ਆਇਦ ਕਰਨ ਦੇ ਅਮਲ ਨੂੰ ਚੁਣੌਤੀ ਦਿੰਦੀ ਟਾਈਟਲਰ ਦੀ ਪਟੀਸ਼ਨ 29 ਨਵੰਬਰ ਲਈ ਸੂਚੀਬੰਦ ਹੈ, ਪਰ ਕਾਂਗਰਸੀ ਆਗੂ ਮੁਕੱਦਮੇ ਦੀ ਕਾਰਵਾਈ ਉੱਤੇ ਰੋਕ ਦੀ ਅਪੀਲ ਲੈ ਕੇ ਕੋਰਟ ਪਹੁੰਚ ਗਿਆ। ਉਧਰ ਪੀੜਤਾਂ ਵੱਲੋਂ ਪੇਸ਼ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਟਾਈਟਲਰ ਦੀ ਪਟੀਸ਼ਨ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਗਵਾਹ ਉਮਰ ਦਰਾਜ਼ ਹੈ ਤੇ ਵੱਖ-ਵੱਖ ਸਿਹਤ ਵਿਗਾੜਾਂ ਤੋਂ ਪੀੜਤ ਹੈ। ਉਹ ਇਸ ਉਮਰ ਵਿਚ ਵੀ ਚੌਥੀ ਵਾਰ ਕੋਰਟ ਵਿਚ ਪੇਸ਼ ਹੋਵੇਗੀ। ਟਾਈਟਲਰ ਦਾ ਦਾਅਵਾ ਹੈ ਕਿ ਉਸ ਨੂੰ ਉਹਦੇ ਵਿਰੋਧੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਟਰਾਇਲ ਕੋਰਟ ਵੱਲੋਂ ਉਸ ਖਿਲਾਫ਼ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ ‘ਗੈਰਕਾਨੂੰਨੀ’ ਹਨ। ਟਾਈਟਲਰ ਨੇ ਪਟੀਸ਼ਨ ਵਿਚ ਕਿਹਾ, ”ਟਰਾਇਲ ਕੋਰਟ ਨੇ ਕਾਨੂੰਨ ਦੇ ਸਥਾਪਿਤ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਖਿਲਾਫ਼ ਦੋਸ਼ ਗ਼ਲਤ ਦੋਸ਼ ਆਇਦ ਕੀਤੇ ਹਨ।”