#INDIA

’84 ਕਤਲੇਆਮ: 40 ਸਾਲਾਂ ਬਾਅਦ ਵੀ ਪੀੜਤਾਂ ਨੂੰ ਨਾ ਮਿਲਿਆ ਇਨਸਾਫ਼

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1984 ’ਚ ਵੱਡੇ ਪੱਧਰ ’ਤੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ 40 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਉਂਜ ਕੁਝ ਕੇਸਾਂ ’ਚ ਗੱਲ ਅੱਗੇ ਵਧੀ ਹੈ ਪਰ ਫਿਰ ਵੀ ਇਨਸਾਫ਼ ਲਈ ਲੰਮੀ ਲੜਾਈ ਲੜਨੀ ਪੈ ਰਹੀ ਹੈ।

ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਲੀ ’ਚ ਸਿੱਖ ਕਤਲੇਆਮ ਨਾਲ ਸਬੰਧਤ ਕੁੱਲ 587 ਐੱਫਆਈਆਰਜ਼ ਦਰਜ ਹੋਈਆਂ ਸਨ ਜਦਕਿ 2,733 ਵਿਅਕਤੀ ਮਾਰੇ ਗਏ ਸਨ। ਪੁਲੀਸ ਨੇ ਕਰੀਬ 240 ਕੇਸਾਂ ਦਾ ਪਤਾ ਨਾ ਲੱਗਣ ਕਾਰਨ ਉਨ੍ਹਾਂ ਨੂੰ ਬੰਦ ਕਰ ਦਿੱਤਾ ਅਤੇ ਕਰੀਬ 250 ਹੋਰ ਮਾਮਲਿਆਂ ’ਚ ਮੁਲਜ਼ਮ ਬਰੀ ਹੋ ਗਏ। ਮਈ 2023 ’ਚ ਸੀਬੀਆਈ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਪੁਲ ਬੰਗਸ਼ ਗੁਰਦੁਆਰੇ ਦੇ ਬਾਹਰ ਦੰਗਾਕਾਰੀਆਂ ਨੂੰ ਭੜਕਾਉਣ ਦੇ ਦੋਸ਼ ਹੇਠ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਘਟਨਾ ’ਚ ਦੰਗਾਕਾਰੀਆਂ ਨੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਅਤੇ ਤਿੰਨ ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਪੀੜਤਾਂ ਨਾਲ ਜੁੜੇ ਕਈ ਕੇਸਾਂ ਦੀ ਨੁਮਾਇੰਦਗੀ ਸੀਨੀਅਰ ਵਕੀਲ ਐੱਚਐੱਸ ਫੂਲਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਦਾ ਕੇਸ ਭਾਰਤੀ ਇਤਿਹਾਸ ਦੇ ਦੁਰਲੱਭ ਕੇਸਾਂ ’ਚੋਂ ਇਕ ਹੈ ਕਿਉਂਕਿ ਇਸ ਨੂੰ ਲਗਾਤਾਰ ਤਿੰਨ ਵਾਰ ਕਲੀਨ ਚਿੱਟ ਦੇ ਕੇ ਬੰਦ ਕਰ ਦਿੱਤਾ ਗਿਆ ਸੀ ਪਰ ਕੇਸ ਦੁਬਾਰਾ ਖੋਲ੍ਹਿਆ ਗਿਆ।
ਦਿੱਲੀ ਹਾਈ ਕੋਰਟ ਟਾਈਟਲਰ ਵੱਲੋਂ ਦਾਖ਼ਲ ਅਪੀਲ ’ਤੇ 29 ਨਵੰਬਰ ਨੂੰ ਸੁਣਵਾਈ ਕਰੇਗਾ। ਕੁੱਲ 587 ਐੱਫਆਈਆਰਜ਼ ਦੇ ਕਰੀਬ 27 ਕੇਸਾਂ ’ਚ 400 ਵਿਅਕਤੀਆਂ ਨੂੰ ਸਜ਼ਾ ਹੋ ਚੁੱਕੀ ਹੈ। ਇਨ੍ਹਾਂ ’ਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਸਮੇਤ ਕਰੀਬ 50 ਵਿਅਕਤੀਆਂ ਨੂੰ ਹੱਤਿਆ ਦੇ ਦੋਸ਼ ਹੇਠ ਸਜ਼ਾ ਹੋਈ ਹੈ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਦੀ ਸਜ਼ਾ ਖ਼ਿਲਾਫ਼ ਅਪੀਲ ਸੁਪਰੀਮ ਕੋਰਟ ’ਚ ਬਕਾਇਆ ਪਈ ਹੈ।