#PUNJAB

’84 ਕਤਲੇਆਮ ਮਾਮਲਾ : ਦਿੱਲੀ ਹਾਈ ਕੋਰਟ ਵੱਲੋਂ ਬਲਵਾਨ ਖੋਖਰ ਨੂੰ 21 ਦਿਨਾਂ ਦੀ ਫਰਲੋ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਮੇਲ)-ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕਰ ਲਈ ਹੈ। ਜਸਟਿਸ ਰਵਿੰਦਰ ਡੁਡੇਜਾ ਦੀ ਅਦਾਲਤ ਨੇ ਇਹ ਰਾਹਤ ਉਸ ਨੂੰ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਬਹਾਲ ਕਰਨ ਲਈ ਦਿੱਤੀ ਹੈ। ਬਲਵਾਨ ਖੋਖਰ ਇਸ ਵੇਲੇ ਉਮਰ ਕੈਦ ਕੱਟ ਰਿਹਾ ਹੈ ਅਤੇ ਪਿਛਲੇ 11 ਸਾਲ 10 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵੀ ਇਸੇ ਮਾਮਲੇ ਵਿਚ ਉਮਰ ਕੈਦ ਭੁਗਤ ਰਿਹਾ ਹੈ।
ਅਦਾਲਤ ਨੇ ਖੋਖਰ ਨੂੰ 20,000 ਰੁਪਏ ਦੇ ਜ਼ਮਾਨਤੀ ਮੁਚੱਲਕੇ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਸ਼ਰਤ ਲਾਈ ਹੈ ਕਿ ਉਹ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਖੇਤਰ ਤੋਂ ਬਾਹਰ ਨਹੀਂ ਜਾਵੇਗਾ ਅਤੇ ਹਰ ਮੰਗਲਵਾਰ ਸਵੇਰੇ 10 ਵਜੇ ਥਾਣੇ ਵਿਚ ਹਾਜ਼ਰੀ ਲਗਵਾਏਗਾ। ਜਸਟਿਸ ਡੁਡੇਜਾ ਨੇ ਕਿਹਾ ਕਿ ਭਾਵੇਂ ਪਟੀਸ਼ਨਰ ਦਾ ਅਪਰਾਧ ਗੰਭੀਰ ਹੈ, ਪਰ ਫਰਲੋ ਸੁਧਾਰ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਦਾ ਮਕਸਦ ਕੈਦੀ ਨੂੰ ਆਪਣੇ ਪਰਿਵਾਰ ਤੇ ਸਮਾਜ ਨਾਲ ਜੁੜੇ ਰਹਿਣ ਦਾ ਮੌਕਾ ਦੇਣਾ ਹੈ।
ਅਦਾਲਤ ਨੇ ਜੇਲ੍ਹ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਖੋਖਰ ਦਾ ਆਚਰਨ ਤਸੱਲੀਬਖਸ਼ ਰਿਹਾ ਹੈ ਅਤੇ ਉਹ ਜੇਲ੍ਹ ਦੀ ਓ.ਪੀ.ਡੀ. ਵਿਚ ਸਹਾਇਕ ਵਜੋਂ ਕੰਮ ਕਰਦਾ ਹੈ। ਪਹਿਲਾਂ ਵੀ ਪੈਰੋਲ ਜਾਂ ਜ਼ਮਾਨਤ ਮਿਲਣ ‘ਤੇ ਉਸ ਨੇ ਕਾਨੂੰਨ ਦੀ ਪਾਲਣਾ ਕੀਤੀ ਸੀ। ਵਕੀਲ ਉਦੈ ਚੌਹਾਨ ਰਾਹੀਂ ਦਾਇਰ ਪਟੀਸ਼ਨ ਵਿਚ ਖੋਖਰ ਨੇ ਸਮਾਜਿਕ ਰਿਸ਼ਤੇ ਬਹਾਲ ਕਰਨ ਲਈ ਫਰਲੋ ਦੀ ਮੰਗ ਕੀਤੀ ਸੀ, ਜਿਸ ਨੂੰ ਦਿੱਲੀ ਸਰਕਾਰ ਨੇ ਪਹਿਲਾਂ ਰੱਦ ਕਰ ਦਿੱਤਾ ਸੀ। ਇਸ ਮਗਰੋਂ ਖੋਖਰ ਨੇ ਐਡਵੋਕੇਟ ਉਦੈ ਚੌਹਾਨ ਰਾਹੀਂ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪਟੀਸ਼ਨਰ ਅਪਰਾਧੀ ਹੈ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।