#INDIA

’84 ਸਿੱਖ ਵਿਰੋਧੀ ਦੰਗੇ: ਕਮਲ ਨਾਥ ਨਾਲ ਜੁੜੇ ਕੇਸ ‘ਚ ‘SIT’ ਨੂੰ ਮਿਲਿਆ ਸਮਾਂ

-ਮਾਮਲੇ ‘ਤੇ ਸੁਣਵਾਈ 23 ਅਪ੍ਰੈਲ ਨੂੰ
ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ‘ਚ ਕਾਂਗਰਸ ਨੇਤਾ ਕਮਲ ਨਾਥ ਵਿਰੁੱਧ ਕਾਰਵਾਈ ਦੀ ਮੰਗ ਵਾਲੀ ਇਕ ਅਰਜ਼ੀ ‘ਤੇ ਸਟੇਟਸ ਰਿਪੋਰਟ ਦਾਇਰ ਕਰਨ ਲਈ ਦਿੱਲੀ ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਹੋਰ ਸਮਾਂ ਦੇ ਦਿੱਤਾ ਹੈ। ਇਸ ਮਾਮਲੇ ‘ਤੇ ਸੁਣਵਾਈ ਹੁਣ 23 ਅਪ੍ਰੈਲ ਨੂੰ ਹੋਵੇਗੀ। ਅਦਾਲਤ ਨੂੰ ਜਾਣੂ ਕਰਾਇਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਠਿਤ ‘ਸਿਟ’ ਨੇ ਹਾਲੇ ਰਿਪੋਰਟ ਦਾਖਲ ਨਹੀਂ ਕੀਤੀ ਹੈ। ਇਹ ਰਿਪੋਰਟ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਪਟੀਸ਼ਨ ‘ਤੇ ਦਾਖਲ ਕੀਤੀ ਜਾਣੀ ਸੀ। ਹਾਈ ਕੋਰਟ ਨੇ 27 ਜਨਵਰੀ, 2022 ਨੂੰ ਜਾਂਚ ਟੀਮ ਨੂੰ ਅਰਜ਼ੀ ‘ਤੇ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ। ‘ਸਿਟ’ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਤੋਂ ਹੋਰ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਰਿਕਾਰਡ ਲੱਭੇ ਜਾ ਰਹੇ ਹਨ। ਇਹ ਕੇਸ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਲੋਕਾਂ ਦੀ ਭੀੜ ਦਾਖਲ ਹੋਣ ਨਾਲ ਸਬੰਧਤ ਹੈ, ਜਿਨ੍ਹਾਂ ਮਗਰੋਂ ਦੰਗੇ ਕੀਤੇ। ਕਮਲ ਨਾਥ ਇਸ ਤੋਂ ਪਹਿਲਾਂ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ।