ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਸ਼ਹਿਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਉਸ ਪਟੀਸ਼ਨ ‘ਤੇ ਕੇਂਦਰ ਤੇ ਪੁਲਿਸ ਕੋਲੋਂ ਜਵਾਬ ਤਲਬ ਕੀਤਾ ਹੈ, ਜਿਸ ਵਿਚ 1984 ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਏ ਕਤਲੇਆਮ ਦੌਰਾਨ ਕਾਂਗਰਸੀ ਆਗੂ ਕਮਲਨਾਥ ਦੀ ਮੌਜੂਦਗੀ ਦਾ ਕਥਿਤ ਜ਼ਿਕਰ ਕਰਨ ਵਾਲੀ ਪੁਲਿਸ ਅਧਿਕਾਰੀ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ। ਜਸਟਿਸ ਰਵਿੰਦਰ ਡੁਡੇਜਾ ਨੇ ਪਟੀਸ਼ਨ ‘ਤੇ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਅਗਲੀ ਸੁਣਵਾਈ ਦੌਰਾਨ 15 ਜਨਵਰੀ 2026 ਤੱਕ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਪਟੀਸ਼ਨ ਵਿਚ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਤਤਕਾਲੀ ਵਧੀਕ ਪੁਲਿਸ ਕਮਿਸ਼ਨਰ ਗੌਤਮ ਕੌਲ ਵੱਲੋਂ ਤਤਕਾਲੀ ਪੁਲਿਸ ਕਮਿਸ਼ਨਰ ਨੂੰ ਸੌਂਪੀ ਗਈ ਰਿਪੋਰਟ ਨੂੰ ਰਿਕਾਰਡ ‘ਤੇ ਰੱਖਣ, ਜਿਸ ਵਿਚ ਸਾਫ਼ ਤੌਰ ‘ਤੇ ਅਪਰਾਧ ਵਾਲੀ ਥਾਂ, ਯਾਨੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਕਮਲਨਾਥ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਹੈ।
’84 ਕਤਲੇਆਮ : ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਤੇ ਪੁਲਿਸ ਤੋਂ ਜਵਾਬ ਤਲਬ

