#PUNJAB

7 ਜਨਵਰੀ ਨੂੰ ਮੁੜ ਗਰਜਣਗੇ ਨਵਜੋਤ ਸਿੰਘ ਸਿੱਧੂ, ਬਠਿੰਡਾ ‘ਚ ਰੱਖੀ ਵੱਡੀ ਰੈਲੀ

ਬਠਿੰਡਾ, 1 ਜਨਵਰੀ (ਪੰਜਾਬ ਮੇਲ) – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਹਾਲ ਹੀ ‘ਚ ਸਿੱਧੂ ਦਾ ਨਾਂ ਲਏ ਬਿਨਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਸ ਨੇ ਵੀ ਆਪਣੀ ਨਿੱਜੀ ਰਾਏ ਜ਼ਾਹਰ ਕਰਨੀ ਹੈ, ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਸਭ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ 7 ਜਨਵਰੀ ਨੂੰ ਬਠਿੰਡਾ ਵਿੱਚ ਰੈਲੀ ਰੱਖ ਲਈ ਹੈ। ਉਨ੍ਹਾਂ ਇਸ ਰੈਲੀ ਦਾ ਨਾਂ ‘ਲੋਕ ਮਿਲਣੀ’ ਰੱਖਿਆ ਹੈ। ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਆਗੂਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਰੈਲੀ ਦੇ ਪੋਸਟਰ ‘ਚ ਪਾਰਟੀ ਪ੍ਰਧਾਨ ਦੀ ਤਸਵੀਰ ਨੂੰ ਜਗ੍ਹਾ ਦਿੱਤੀ ਗਈ ਹੈ ਜਦਕਿ ਸੂਬੇ ਦੇ ਕਿਸੇ ਵੀ ਨੇਤਾ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।