ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ 63 ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਸਿਹਤ ਸੰਭਾਲ ਸਹੂਲਤਾਂ ਗੁਆ ਰਹੇ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ (ਫਾਰਮ ਆਈ-485) ਨੂੰ ਤੁਰੰਤ ਨਿਪਟਾਉਣ ਦੀ ਮੰਗ ਕੀਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਦੇ ਡਾਇਰੈਕਟਰ ਜੋਸਫ ਬੀ. ਐਡਲੋ ਨੂੰ ਭੇਜੇ ਗਏ ਇਸ ਪੱਤਰ ‘ਤੇ 14 ਅਕਤੂਬਰ ਦੀ ਮਿਤੀ ਦਰਜ ਹੈ, ਜੋ 19 ਅਕਤੂਬਰ ਨੂੰ ਜਨਤਕ ਕੀਤਾ ਗਿਆ ਹੈ।
ਇਸ ਅਪੀਲ ਦੀ ਅਗਵਾਈ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨਿਊਯਾਰਕ ਦੀ ਯਵੇਟ ਡੀ. ਕਲਾਰਕ ਅਤੇ ਅਰੀਜ਼ੋਨਾ ਦੀ ਅਡੇਲਿਤਾ ਐਸ. ਗ੍ਰੀਜਾਲਵਾ ਨੇ ਕੀਤੀ, ਜਿਨ੍ਹਾਂ ਨਾਲ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜੈਪਾਲ ਅਤੇ ਸ਼੍ਰੀ ਥਾਨੇਦਾਰ ਸਮੇਤ 61 ਹੋਰ ਸੰਸਦ ਮੈਂਬਰ ਸ਼ਾਮਲ ਹਨ।
ਸੰਸਦ ਮੈਂਬਰਾਂ ਅਨੁਸਾਰ ‘ਵਨ ਬਿਗ ਬਿਊਟੀਫੁੱਲ ਬਿਲ ਐਕਟ’ ਅਧੀਨ 1 ਅਕਤੂਬਰ ਤੋਂ ਲਾਗੂ ਹੋਈਆਂ ਨਵੀਆਂ ਯੋਗਤਾ ਪਾਬੰਦੀਆਂ ਕਾਰਨ ਸ਼ਰਨਾਰਥੀਆਂ , ਅਸਾਇਲਮ ਪ੍ਰਾਪਤਕਰਤਾਵਾਂ, ਘਰੇਲੂ ਹਿੰਸਾ ਅਤੇ ਮਨੁੱਖੀ ਤਸਕਰੀ ਦੇ ਪੀੜਤਾਂ ਦੀਆਂ ਸਿਹਤ ਸਹੂਲਤਾਂ ਖਤਰੇ ਵਿਚ ਪੈ ਗਈਆਂ ਹਨ। ਇਹ ਨਿਯਮ ਮੈਡੀਕੇਡ, ਚਿਲਡਰਨਜ਼ ਹੈਲਥ ਇੰਸ਼ੋਰੈਂਸ ਪ੍ਰੋਗਰਾਮ (ਸੀ.ਐੱਚ.ਆਈ.ਪੀ.), ਮੈਡੀਕੇਅਰ ਅਤੇ ਅਫੋਰਡੇਬਲ ਕੇਅਰ ਐਕਟ ਪ੍ਰੀਮੀਅਮ ਟੈਕਸ ਕ੍ਰੈਡਿਟ ਨੂੰ ਪ੍ਰਭਾਵਿਤ ਕਰ ਰਹੇ ਹਨ। ਕਾਨੂੰਨੀ ਤੌਰ ‘ਤੇ ਮੌਜੂਦ ਕਈ ਪ੍ਰਵਾਸੀ ਪੱਕਾ ਨਿਵਾਸ ਅਹੁਦਾ ਮਿਲਣ ਤੋਂ ਬਾਅਦ ਸਿਹਤ ਲਾਭਾਂ ਦੇ ਹੱਕਦਾਰ ਹੋ ਜਾਣਗੇ, ਪਰ ਸਰਕਾਰੀ ਦਫ਼ਤਰਾਂ ਦੀ ਪ੍ਰਸ਼ਾਸਕੀ ਦੇਰੀ ਕਾਰਨ ਉਹ ਗ੍ਰੀਨ ਕਾਰਡ ਦੀ ਉਡੀਕ ਵਿਚ ਫਸੇ ਹੋਏ ਹਨ ਅਤੇ ਆਪਣਾ ਸਿਹਤ ਬੀਮਾ ਗੁਆ ਰਹੇ ਹਨ।
ਅੰਕੜਿਆਂ ਅਨੁਸਾਰ ਅਮਰੀਕਾ ਦੇ 9 ਰਾਜਾਂ ਅਤੇ ਵਾਸ਼ਿੰਗਟਨ ਡੀ.ਸੀ. ਵਿਚ 2,81,000 ਤੋਂ ਵੱਧ ਕਾਨੂੰਨੀ ਪ੍ਰਵਾਸੀ 1 ਅਕਤੂਬਰ ਤੋਂ ਮੈਡੀਕੇਡ ਕਵਰੇਜ ਖਤਮ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕਾਂਗਰੈਸ਼ਨਲ ਬਜਟ ਦਫ਼ਤਰ ਦੇ ਅਨੁਮਾਨ ਮੁਤਾਬਕ 2034 ਤੱਕ ਸਿਹਤ ਪਾਬੰਦੀਆਂ ਕਾਰਨ ਦੇਸ਼ ਭਰ ਵਿਚ 14 ਲੱਖ ਕਾਨੂੰਨੀ ਪ੍ਰਵਾਸੀ ਬਿਨਾਂ ਸਿਹਤ ਬੀਮੇ ਦੇ ਹੋ ਸਕਦੇ ਹਨ। ਪੱਤਰ ਵਿਚ ਅਰੀਜ਼ੋਨਾ ਦੀ ਇੱਕ ਔਰਤ ਦੀ ਉਦਾਹਰਨ ਦਿੱਤੀ ਗਈ ਹੈ, ਜੋ ਸਟੇਜ-4 ਦੇ ਮੈਟਾਸਟੈਟਿਕ ਬ੍ਰੈਸਟ ਕੈਂਸਰ ਤੋਂ ਪੀੜਤ ਹੈ ਅਤੇ ਉਸ ਦੀ ਇਲਾਜ ਲਈ ਕੀਮੋਥੈਰੇਪੀ ਚੱਲ ਰਹੀ ਹੈ। ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਮੌਜੂਦ ਹੋਣ ਦੇ ਬਾਵਜੂਦ ਗ੍ਰੀਨ ਕਾਰਡ ਅਰਜ਼ੀ ਲੰਬਿਤ ਹੋਣ ਕਾਰਨ ਉਸ ਦੀ ਮੈਡੀਕੇਡ ਕਵਰੇਜ 1 ਅਕਤੂਬਰ ਨੂੰ ਰੱਦ ਹੋ ਗਈ। ਇਸ ਤੋਂ ਇਲਾਵਾ ਮਿਰਗੀ ਤੋਂ ਪੀੜਤ 9 ਸਾਲਾ ਬੱਚੇ ਸਮੇਤ ਐਰੀਜ਼ੋਨਾ ਦੇ 20,000 ਤੋਂ ਵੱਧ ਪ੍ਰਵਾਸੀ ਅਤੇ ਸ਼ਰਨਾਰਥੀ ਇਸ ਸੰਕਟ ਦੀ ਹੱਦ ਵਿਚ ਹਨ।
ਸੰਸਦ ਮੈਂਬਰਾਂ ਨੇ ਯੂ.ਐੱਸ.ਸੀ.ਆਈ.ਐੱਸ. ਤੋਂ ਤਿੰਨ ਕਦਮ ਚੁੱਕਣ ਦੀ ਮੰਗ ਕੀਤੀ, ਜਿਨ੍ਹਾਂ ਵਿਚ:-
-ਸਿਹਤ ਕਵਰੇਜ ਖਤਮ ਹੋਣ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦੁਆਰਾ ਦਾਇਰ ਕੀਤੀਆਂ ਫਾਰਮ ਆਈ-485 ਅਰਜ਼ੀਆਂ ਲਈ ਐਮਰਜੈਂਸੀ ਤੇਜ਼ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
-ਮੌਜੂਦਾ ਤੇਜ਼ ਪ੍ਰਕਿਰਿਆ ਦੇ ਮਾਪਦੰਡਾਂ ਨੂੰ ਸਪੱਸ਼ਟ ਕੀਤਾ ਜਾਵੇ।
-ਸੈਂਟਰਜ਼ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ (ਸੀ.ਐੱਮ.ਐੱਸ.) ਅਤੇ ਰਾਜ ਏਜੰਸੀਆਂ ਨਾਲ ਤਾਲਮੇਲ ਕਰਕੇ ਸਿਹਤ ਕਵਰੇਜ ਰੱਦ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਪੱਤਰ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਅਫ਼ਸਰਸ਼ਾਹੀ ਦੀ ਦੇਰੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਰੁਕਾਵਟ ਨਹੀਂ ਬਣਨੀ ਚਾਹੀਦੀ। ਫਿਲਹਾਲ ਪੱਤਰ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਯੂ.ਐੱਸ.ਸੀ.ਆਈ.ਐੱਸ. ਨੇ ਇਨ੍ਹਾਂ ਅਰਜ਼ੀਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕੋਈ ਸਹਿਮਤੀ ਦਿੱਤੀ ਹੈ ਜਾਂ ਨਹੀਂ।
63 ਅਮਰੀਕੀ ਸੰਸਦ ਮੈਂਬਰਾਂ ਵੱਲੋਂ ਗ੍ਰੀਨ ਕਾਰਡ ਅਰਜ਼ੀਆਂ ਨੂੰ ਤੁਰੰਤ ਨਿਪਟਾਉਣ ਦੀ ਅਪੀਲ

