ਦੋਰਾਹਾ, 15 ਸਤੰਬਰ (ਪੰਜਾਬ ਮੇਲ) – ਸਰਕਾਰੀ ਸਕੂਲ ਦੋਰਾਹਾ ਦੇ ਜਮਾਤੀ 60 ਸਾਲਾਂ ਬਾਅਦ ਇਕੱਤਰ ਹੋਏ ਤੇ ਦਿਲ ਦੀਆਂ ਸਾਂਝਾਂ ਪੁਨਰ ਸੁਰਜੀਤ ਕੀਤੀਆਂ। ਜਮਾਤੀਆਂ ਨੇ ਸਕੂਲ ਵਿੱਚੋਂ ਦਸਵੀਂ ਕਰਨ ਤੋਂ ਬਾਅਦ ਆਪਣੀ ਬਸਰ ਕੀਤੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਸ ਇਕੱਤਰਤਾ ਨਾਲ ਸੇਵਾ ਮੁਕਤੀ ਦੀ ਜ਼ਿੰਦਗੀ ਨੂੰ ਰੂਹ ਦੀ ਖ਼ੁਰਾਕ ਮਿਲ ਗਈ। ਇਸ ਮੀਟਿੰਗ ਦਾ ਆਯੋਜਨ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਿੰਡ ਕੱਦੋਂ ਨਿਵਾਸੀ, ਜੋ ਪਟਿਆਲਾ ਵਿਖੇ ਰਹਿ ਰਿਹਾ ਹੈ ਦੇ ਉਦਮ ਨਾਲ ਹੋਇਆ। ਉਜਾਗਰ ਸਿੰਘ ਨੇ ਆਪਣੇ ਪਿੰਡ ਸੰਬੰਧੀ ਲਿਖੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਆਪਣੇ ਜਮਾਤੀਆਂ ਨੂੰ ਦਿੰਦਿਆਂ ਕਿਹਾ ਕਿ ਕੱਦੋਂ ਪਿੰਡ ਦੇ ਨਿਵਾਸੀ ਪੰਜਾਬੀ ਸਭਿਅਚਾਰ ਦੇ ਪਹਿਰੇਦਾਰ, ਉਦਮੀ, ਮਿਹਨਤੀ ਅਤੇ ਦੇਸ਼ ਭਗਤ ਹਨ। ਉਨ੍ਹਾਂ ਵਿੱਚੋਂ ਉਦਮੀ, ਕਾਰੋਬਾਰੀ, ਖਿਡਾਰੀ, ਲਿਖਾਰੀ, ਗੀਤਕਾਰ, ਗਾਇਕ, ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਮਹੱਤਵਪੂਰਨ ਹਨ। ਉਨ੍ਹਾਂ ਨੂੰ ਪੰਜਾਬੀ ਵਿਰਾਸਤ ਦੇ ਪਹਿਰੇਦਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪੁਸਤਕ ਵਿੱਚ ਪਿੰਡ ਦੇ ਪੁਰਖਿਆਂ ਅਤੇ ਵਰਤਮਾਨ ਵਸਨੀਕਾਂ ਦੇ ਯੋਗਦਾਨ ਨੂੰ ਅੰਕਿਤ ਕੀਤਾ ਗਿਆ ਹੈ ਤਾਂ ਜੋ ਪਿੰਡ ਦੀ ਨਵੀਂ ਪੀੜ੍ਹੀ ਨੂੰ ਉਤਸ਼ਾਹ ਮਿਲ ਸਕੇ। ਇਹ ਪੁਸਤਕ ਪਿੰਡ ਦੇ ਵਿਕਾਸ ਤੇ ਇਤਿਹਾਸ ਦਾ ਕੀਮਤੀ ਦਸਤਾਵੇਜ ਹੈ। ਉਜਾਗਰ ਸਿੰਘ ਨੇ ਅੱਗੋਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੇਖਕਾਂ ਨੂੰ ਆਪੋ ਆਪਣੇ ਪਿੰਡਾਂ ਦਾ ਇਤਿਹਾਸ ਤੇ ਵਿਕਾਸ ਲਿਖਕੇ ਆਪਣੇ ਪਿੰਡ ਦੇ ਯੋਗਦਾਨ ਨੂੰ ਇਤਿਹਾਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਪੁਸਤਕ ਵਿੱਚ ਪੁਰਾਤਨ ਰਸਮੋ ਰਿਵਾਜ਼ ਅਤੇ ਪਰੰਪਰਾਵਾਂ ਦੀ ਵੀ ਜਾਣਕਾਰੀ ਦਿੱਤੀ ਗੲਂੀ ਹੈ, ਖਾਸ ਤੌਰ ‘ਤੇ ਅਲੋਪ ਹੋ ਰਹੇ ਚੇਟਕਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਗ੍ਰਤ ਕੀਤਾ ਗਿਆ ਹੈ। ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ, ਸਿੱਧਸਰ ਐਨ.ਆਰ.ਆਈ. ਸੋਸਾਇਟੀ ਅਤੇ ਐਂਟੀ ਡਰੱਗ ਫ਼ੈਡਰੇਸ਼ਨ ਵੀ ਮਾਅਰਕੇ ਦੇ ਕੰਮ ਕਰ ਰਹੀਆਂ ਹਨ। ਪਰਵਾਸ ਵਿੱਚ ਵੀ ਕੱਦੋਂ ਨਿਵਾਸੀ ਮੱਲਾਂ ਮਾਰ ਰਹੇ ਹਨ। ਚਿਰੰਜੀ ਸਿੰਘ ਅਤੇ ਜੋਗਿੰਦਰ ਸਿੰਘ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਨ ਤੇ ਇੱਕ ਨੌਜਵਾਨ ਚੰਨਣ ਸਿੰਘ ਕਾਰਗਿਲ ਵਿੱਚ ਸ਼ਹੀਦ ਹੋਇਆ ਸੀ, ਉਸਦਾ ਬੁੱਤ ਲਗਾਇਆ ਗਿਆ ਹੈ। ਪਿੰਡ ਵਿੱਚ ਇੱਕ ਸਿਵਲ ਅਤੇ ਪਸ਼ੂਆਂ ਦੀ ਡਿਸਪੈਂਸਰੀ, ਸਿੱਧਸਰ ਚੈਰੀਟੇਬਲ ਹਸਪਤਾਲ ਤੇ ਅੱਖਾਂ ਦਾ ਹਸਪਤਾਲ ਵੀ ਹੈ। ਉਨ੍ਹਾਂ ਅੱਗੋਂ ਦੱਸਿਆ ਇਸ ਪੁਸਤਕ ਵਿੱਚ ਪਿੰਡ ਕੱਦੋਂ 29 ਵਿਅਕਤੀਆਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਧਰਮ ਸਿੰਘ ਓਲੰਪੀਅਨ, ਪ੍ਰੋ. ਓਮ ਪ੍ਰਕਾਸ਼ ਵਸ਼ਿਸਟ, ਪ੍ਰੋ.ਗੁਰਮੁਖ ਸਿੰਘ, ਡਾ.ਜਸਬੀਰ ਸਿੰਘ, ਡਾ.ਕਰਮ ਸਿੰਘ, ਡਾ.ਨਵਜੋਤ ਕੌਰ ਕਾਰਡੀਆਲੋਜਿਸਟ, ਗੀਤਕਾਰ ਜੀਤ ਕੱਦੋਂਵਾਲਾ, ਜਸਵਿੰਦਰ ਸਿੰਘ ਭੱਲਾ, ਮਨਪ੍ਰੀਤ ਅਖ਼ਤਰ, ਰਮਨ ਕੱਦੋਂ, ਪ੍ਰਮਿੰਦਰ ਸਿੰਘ, ਕੁਲਦੀਪ ਸਿੰਘ ਬਿੱਲਾ, ਬਲਦੇਵ ਸਿੰਘ ਖ਼ਰੇ, ਮਾਸਟਰ ਗੁਰਦੇਵ ਸਿੰਘ, ਮਹਿੰਦਰ ਸਿੰਘ ਫੁੱਲਾਂ ਵਾਲੇ, ਮਨਜੋਤ ਸਿੰਘ, ਭÇਲੰਦਰ ਸਿੰਘ, ਮੇਵਾ ਸਿੰਘ, ਗੁਰਦੀਪ ਸਿੰਘ ਬੱਲੀ, ਮੇਜਰ ਅਮਨਜੋਤ ਸਿੰਘ, ਗਰੁਪ ਕੈਪਟਨ ਜਗਦੀਪ ਸਿੰਘ, ਬਲਤੇਜ ਸਿੰਘ ਅਤੇ ਸ਼ਿੰਗਾਰਾ ਸਿੰਘ ਰੋਡਾ ਸ਼ਾਮਲ ਹਨ। ਪਿੰਡ ਕੱਦੋਂ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹ ਪੁਸਤਕ ਇੱਕ ਕਿਸਮ ਨਾਲ ਪਿੰਡ ਦਾ ਇਨਸਾਈਕਲੋਪੀਡੀਆ ਹੈ। ਇਸ ਮੀਟਿੰਗ ਵਿੱਚ ਸਾਹਿਤਕਾਰ ਸੁਰਿੰਦਰ ਰਾਮਪੁਰੀ, ਜੋਗਿੰਦਰ ਸਿੰਘ ਓਬਰਾਏ, ਸੂਬੇਦਾਰ ਮਲਕੀਤ ਸਿੰਘ, ਤੇਜਿੰਦਰਪਾਲ ਸਿੰਘ ਬਲੱਗਣ, ਪਿਆਰਾ ਸਿੰਘ ਅੜੈ੍ਹਚਾਂ, ਜ਼ੋਰਾ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਅੜੈ੍ਹਚਾਂ, ਕਰਨੈਲ ਸਿੰਘ ਰਾਮਪੁਰ, ਪ੍ਰੀਤਮ ਸਿੰਘ ਮਾਂਗਟ, ਰਣਜੀਤ ਸਿੰਘ ਕੱਦੋਂ, ਪੱਤਰਕਾਰ ਲਾਲ ਸਿੰਘ ਮਾਂਗਟ, ਗੁਰਦੀਪ ਸਿੰਘ ਨਿਜਾਮਪੁਰ ਤੇ ਸ਼ਿਵ ਵਿਨਾਇਕ ਸ਼ਾਮਲ ਹੋਏ।