#AMERICA

6 ਸਾਲਾ ਪੁੱਤਰ ਦੇ ਕਤਲ ਲਈ ਐੱਫ.ਬੀ.ਆਈ. ਨੂੰ ਲੋੜੀਂਦੀ ਸਿੰਡੀ ਭਾਰਤ ‘ਚੋਂ ਗ੍ਰਿਫ਼ਤਾਰ

‘ਟੌਪ 10 ਅਤਿ ਲੋੜੀਂਦੇ ਭਗੌੜਿਆਂ’ ‘ਚ ਸ਼ਾਮਲ ਸੀ ਸਿੰਡੀ ਰੌਡਰਿੰਗਜ਼ ਸਿੰਘ
ਐੱਫ.ਬੀ.ਆਈ. ਨੇ ਰੱਖਿਆ ਸੀ 25000 ਡਾਲਰ ਦਾ ਇਨਾਮ
ਵਾਸ਼ਿੰਗਟਨ ਡੀਸੀ, 22 ਅਗਸਤ (ਪੰਜਾਬ ਮੇਲ)- ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾਂ ਸਦਕਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਸਿਖਰਲੇ 10 ਅਤਿ ਲੋੜੀਂਦੇ ਭਗੌੜਿਆਂ ਵਿਚੋਂ ਇਕ ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ ਹੈ। ਸਿੰਡੀ ਨੂੰ ਉਸ ਦੇ 6 ਸਾਲ ਦੇ ਪੁੱਤਰ ਦੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਮੁਤਾਬਕ ਸਿੰਡੀ ਆਪਣੇ ਪੁੱਤਰ ਦੇ ਕਤਲ ਮਗਰੋਂ ਪਿਛਲੇ ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਹੋਈ ਸੀ।
ਐੱਫ.ਬੀ.ਆਈ. ਨੇ ਭਾਰਤੀ ਅਧਿਕਾਰੀਆਂ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ। ਰਿਪੋਰਟ ਅਨੁਸਾਰ ਐੱਫ.ਬੀ.ਆਈ. ਉਸ ਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ। ਐੱਫ.ਬੀ.ਆਈ. ਦੇ ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਐੱਫ.ਬੀ.ਆਈ. ਦੀ ‘ਟੌਪ 10 ਮੋਸਟ ਵਾਂਟੇਡ ਭਗੌੜਿਆਂ’ ਸੂਚੀ ਵਿਚ ਸੀ। ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਵਿਚ ਆਪਣੇ ਪੁੱਤਰ, ਨੋਏਲ ਅਲਵਾਰੇਜ਼ ਦੇ ਕਥਿਤ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਸਿੰਘ ਆਪਣੇ ਛੇ ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾਂ ਵਿਚ ਲੋੜੀਂਦੀ ਸੀ। ਉਸ ਉੱਤੇ ਮੁਕੱਦਮੇ ਦੀ ਕਾਰਵਾਈ ਤੋਂ ਬਚਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਭੱਜਣ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਦਾ ਦੋਸ਼ ਹੈ।
ਕਾਸ਼ ਪਟੇਲ ਮੁਤਾਬਕ ਸਿੰਘ ਨੇ ਮਾਰਚ 2023 ਵਿਚ ਆਪਣੇ ਪੁੱਤਰ ਦੇ ਟਿਕਾਣੇ ਬਾਰੇ ਅਧਿਕਾਰੀਆਂ ਨੂੰ ਝੂਠ ਬੋਲਿਆ ਅਤੇ ਭਾਰਤ ਭੱਜ ਗਈ। ਪਟੇਲ ਨੇ ਕਿਹਾ, ”ਮਾਰਚ 2023 ਵਿਚ, ਐਵਰਮੈਨ, ਟੈਕਸਾਸ ਦੇ ਅਧਿਕਾਰੀਆਂ ਨੇ ਸਿੰਘ ਦੇ ਬੱਚੇ ਦੀ ਭਾਲ ਸ਼ੁਰੂ ਕੀਤੀ, ਕਿਉਂਕਿ ਅਕਤੂਬਰ 2022 ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਸਿੰਘ ਨੇ ਕਥਿਤ ਤੌਰ ‘ਤੇ ਅਧਿਕਾਰੀਆਂ ਨੂੰ ਉਸ ਦੇ ਟਿਕਾਣੇ ਬਾਰੇ ਝੂਠ ਬੋਲਿਆ ਅਤੇ ਫਿਰ ਦੋ ਦਿਨ ਬਾਅਦ ਭਾਰਤ ਲਈ ਇੱਕ ਉਡਾਣ ਭਰ ਗਈ। ਤੇ ਸਾਡਾ ਮੰਨਣਾ ਹੈ ਕਿ ਉਦੋਂ ਤੋਂ ਉਹ ਅਮਰੀਕਾ ਵਾਪਸ ਨਹੀਂ ਆਈ।
ਪਟੇਲ ਨੇ ਕਿਹਾ ਕਿ ਸਿੰਘ ‘ਤੇ ਅਕਤੂਬਰ 2023 ‘ਚ ਟੈਕਸਾਸ ਦੇ ਫੋਰਟ ਵਰਥ ਵਿਚ ਟੈਰੈਂਟ ਕਾਊਂਟੀ ਜ਼ਿਲ੍ਹਾ ਅਦਾਲਤ ਵਿਚ ਦੋਸ਼ ਲਗਾਇਆ ਗਿਆ ਸੀ ਅਤੇ ਨਵੰਬਰ ਵਿਚ ਅਧਿਕਾਰੀਆਂ ਨੇ ਮੁਕੱਦਮੇ ਤੋਂ ਬਚਣ ਲਈ ਗੈਰ-ਕਾਨੂੰਨੀ ਉਡਾਣ ਦੇ ਦੋਸ਼ ਵਿਚ ਸਿੰਡੀ ਸਿੰਘ ਖਿਲਾਫ਼ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।
ਕਾਸ਼ ਪਟੇਲ ਨੇ ਐੱਫ.ਬੀ.ਆਈ. ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਕਾਰਨ ਗ੍ਰਿਫਤਾਰੀ ਹੋਈ। ਉਨ੍ਹਾਂ ਕਿਹਾ, ”ਪਿਛਲੇ 7 ਮਹੀਨਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਇਹ ਚੌਥਾ ’10 ਮੋਸਟ ਵਾਂਟਿਡ’ ਭਗੌੜਾ ਹੈ।” ਸਿੰਡੀ ਰੌਡਰਿਗਜ਼ ਸਿੰਘ ਬਾਰੇ ਜਾਣਕਾਰੀ ਦੇਣ ਲਈ 25,000 ਅਮਰੀਕੀ ਡਾਲਰ ਤੱਕ ਦਾ ਇਨਾਮ ਰੱਖਿਆ ਗਿਆ ਸੀ। ਸਿੰਡੀ ਰੌਡਰਿਗਜ਼ ਸਿੰਘ ਦੇ ਭਾਰਤ ਅਤੇ ਮੈਕਸੀਕੋ ਨਾਲ ਸਬੰਧ ਹਨ।