#OTHERS

6 ਸਾਲਾਂ ਬਾਅਦ ਦਿੱਲੀ-ਸ਼ੰਘਾਈ ਵਿਚਾਲੇ ਫਲਾਈਟ ਸੇਵਾ ਮੁੜ ਬਹਾਲ

-ਏਅਰ ਇੰਡੀਆ ਨੇ ਭਰੀ ਪਹਿਲੀ ਉਡਾਣ
ਬੀਜਿੰਗ, 2 ਫਰਵਰੀ (ਪੰਜਾਬ ਮੇਲ)- ਏਅਰ ਇੰਡੀਆ ਨੇ ਐਤਵਾਰ ਨੂੰ ਲਗਭਗ 6 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਸ਼ੰਘਾਈ ਅਤੇ ਦਿੱਲੀ ਵਿਚਾਲੇ ਆਪਣੀ ਸਿੱਧੀ ਉਡਾਣ ਸੇਵਾ ਮੁੜ ਬਹਾਲ ਕਰ ਦਿੱਤੀ ਹੈ। ਸ਼ੰਘਾਈ ਸਥਿਤ ਭਾਰਤੀ ਵਣਜ ਦੂਤਾਵਾਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਇਹ ਉਡਾਣ ਸ਼ੰਘਾਈ ਪੁਡੋਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਈ।
ਇਸ ਉਡਾਣ ਲਈ ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ ਗਈ, ਜਿਸ ਵਿਚ 230 ਤੋਂ ਵੱਧ ਯਾਤਰੀ ਸਵਾਰ ਸਨ। ਜ਼ਿਕਰਯੋਗ ਹੈ ਕਿ ਸਾਲ 2020 ਦੇ ਸ਼ੁਰੂ ਵਿਚ ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਉਡਾਣ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫੌਜੀ ਟਕਰਾਅ ਕਾਰਨ ਇਨ੍ਹਾਂ ਸੇਵਾਵਾਂ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ ਸੀ।
ਸ਼ੰਘਾਈ ਵਿਚ ਭਾਰਤ ਦੇ ਮਹਾਂਵਣਜ ਦੂਤ ਪ੍ਰਤੀਕ ਮਾਥੁਰ ਨੇ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਦੀ ਬਹਾਲੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਅਤੇ ਚੀਨ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ, ਵਪਾਰ ਅਤੇ ਸੰਸਥਾਗਤ ਸਬੰਧਾਂ ਦੀ ਬਹਾਲੀ ਵੱਲ ਇੱਕ ਵੱਡਾ ਕਦਮ ਦੱਸਿਆ। ਏਅਰ ਇੰਡੀਆ ਦੀਆਂ ਉਡਾਣਾਂ ਦੀ ਇਹ ਵਾਪਸੀ 2020 ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਹਵਾਈ ਸੰਪਰਕ ਨੂੰ ਆਮ ਵਾਂਗ ਬਣਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਘਟਨਾਕ੍ਰਮ ਮੰਨੀ ਜਾ ਰਹੀ ਹੈ।