ਬਰੈਂਪਟਨ (ਰਾਜ ਗੋਗਨਾ), 22 ਦਸੰਬਰ (ਪੰਜਾਬ ਮੇਲ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ 4 ਦਸੰਬਰ ਨੂੰ ਬਲੂ ਵਾਟਰ ਬ੍ਰਿਜ ਸਾਰਨੀਆ ਦੇ ਬਾਰਡਰ ਰਾਹੀਂ 52 ਕਿੱਲੋ ਤੋਂ ਵੱਧ ਕੋਕੀਨ ਲੰਘਾਉਣ ਦੇ ਦੋਸ਼ ਹੇਠ ਬਰੈਂਪਟਨ ਦਾ ਰਹਿਣ ਵਾਲਾ ਇਕ ਪੰਜਾਬੀ ਟਰੱਕ ਡਰਾਈਵਰ ਮਨਪ੍ਰੀਤ ਸਿੰਘ (27) ਸਾਲ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਕ ਨਿਊਜ਼ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥ ਕੋਕੀਨ, ਪੋਰਟ ਹੂਰਨ ਤੋਂ ਪੁਆਇੰਟ ਐਡਵਰਡ, ਓਨਟਾਰੀਓ ਵਿਚ ਦਾਖ਼ਲ ਹੋਣ ਵਾਲੇ ਇਕ ਵਪਾਰਕ ਟਰੱਕ ਦੀ ਜਾਂਚ ਕਰਨ ਤੋਂ ਬਾਅਦ ਪਾਈ ਗਈ ਸੀ। ਆਰ.ਸੀ.ਐੱਮ.ਪੀ. ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਇੰਚਾਰਜ ਅਧਿਕਾਰੀ ਰਾਏ ਬੋਲਸਟਰਲੀ ਨੇ ਨਿਊਜ਼ ਰਿਲੀਜ਼ ਵਿਚ ਕਿਹਾ, “ਇਹ ਸਾਡੀਆਂ ਕਮਿਊਨਿਟੀਆਂ ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਲੋਕਾਂ ਤਕ ਪਹੁੰਚਣ ਤੋਂ ਰੋਕਣ ਲਈ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਕੰਮ ਦੀ ਇਕ ਹੋਰ ਉਦਾਹਰਣ ਹੈ। ਇਸ ਸਬੰਧ ਵਿਚ ਕੋਕੀਨ ਲਿਜਾ ਰਹੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ 27 ਸਾਲਾ ਮਨਪ੍ਰੀਤ ਸਿੰਘ ਜੋ ਬਰੈਂਪਟਨ, ਓਨਟਾਰੀੳ ਦਾ ਰਹਿਣ ਵਾਲਾ ਹੈ, ਉਸ ‘ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।