-ਸਭ ਤੋਂ ਜ਼ਿਆਦਾ 172 ਭਾਰਤੀ ਵਿਦਿਆਰਥੀਆਂ ਮੌਤ ਕੈਨੇਡਾ ‘ਚ ਹੋਈ
ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਪਿਛਲੇ 5 ਸਾਲਾਂ ‘ਚ ਵਿਦੇਸ਼ਾਂ ‘ਚ ਪੜ੍ਹ ਰਹੇ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ 41 ਦੇਸ਼ਾਂ ਵਿਚ ਹੋਈਆਂ ਹਨ। ਦਰਅਸਲ ਇਸ ਸਮੇਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਲੋਕ ਸਭਾ ‘ਚ ਇਹ ਜਾਣਕਾਰੀ ਦਿੱਤੀ।
ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਵਿਦੇਸ਼ਾਂ ਵਿਚ ਪੜ੍ਹ ਰਹੇ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ 172 ਭਾਰਤੀ ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿਚ ਹੋਈ ਹੈ। ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ, ਜਿੱਥੇ 108 ਵਿਦਿਆਰਥੀਆਂ ਦੀ ਮੌਤ ਹੋ ਗਈ। ਪਾਕਿਸਤਾਨ ਵਿਚ ਵੀ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਕੇਰਲ ਦੇ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਦੇ ਸਵਾਲ ਦੇ ਜਵਾਬ ‘ਚ ਦਿੱਤੀ ਗਈ।
ਕੀਰਤੀਵਰਧਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਦੇ ਕਾਰਨ ਵੱਖ-ਵੱਖ ਸਨ। ਕੁਝ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ, ਜਦਕਿ ਕੁਝ ਮੌਤਾਂ ਹਾਦਸਿਆਂ ਕਾਰਨ ਹੋਈਆਂ ਹਨ। ਵੱਖ-ਵੱਖ ਹਮਲਿਆਂ ਵਿਚ 19 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ 9 ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿਚ ਹੋਈ ਅਤੇ 6 ਵਿਦਿਆਰਥੀਆਂ ਦੀ ਮੌਤ ਅਮਰੀਕਾ ਵਿਚ ਹੋਈ। ਹਮਲਿਆਂ ਦੇ ਨਤੀਜੇ ਵਜੋਂ ਆਸਟ੍ਰੇਲੀਆ, ਬ੍ਰਿਟੇਨ, ਚੀਨ ਅਤੇ ਕਿਰਗਿਸਤਾਨ ਵਿਚ ਇੱਕ-ਇੱਕ ਵਿਦਿਆਰਥੀ ਦੀ ਮੌਤ ਹੋ ਗਈ।
ਮੰਤਰੀ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਸਰਕਾਰ ਦੀ ਤਰਜੀਹ ਹੈ। ਵਿਦੇਸ਼ਾਂ ਵਿਚ ਭਾਰਤੀ ਮਿਸ਼ਨ ਭਾਰਤੀ ਵਿਦਿਆਰਥੀਆਂ ਨਾਲ ਨਿਯਮਤ ਸੰਪਰਕ ਰੱਖਦੇ ਹਨ। ਕੀਰਤੀਵਰਧਨ ਸਿੰਘ ਨੇ ਦੱਸਿਆ ਕਿ ਇਸ ਵੇਲੇ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ। ਪਿਛਲੇ 3 ਸਾਲਾਂ ‘ਚ ਇਹ ਗਿਣਤੀ ਵਧੀ ਹੈ। 2022 ਵਿਚ 7.5 ਲੱਖ ਵਿਦਿਆਰਥੀ, 2023 ਵਿਚ 9.3 ਲੱਖ ਵਿਦਿਆਰਥੀ ਅਤੇ 2024 ਵਿਚ 13.35 ਲੱਖ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਇਹ ਵਿਦਿਆਰਥੀ 101 ਦੇਸ਼ਾਂ ਵਿਚ ਪੜ੍ਹ ਰਹੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ। ਇਸ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਯੂ.ਏ.ਈ. ਅਤੇ ਰੂਸ ਦਾ ਨੰਬਰ ਆਉਂਦਾ ਹੈ। ਚੀਨ ਵਿਚ 8 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਜੰਗ ਦੇ ਬਾਵਜੂਦ 2510 ਵਿਦਿਆਰਥੀ ਯੂਕਰੇਨ ਵਿਚ ਪੜ੍ਹ ਰਹੇ ਹਨ, ਜਦਕਿ 14 ਵਿਦਿਆਰਥੀ ਪਾਕਿਸਤਾਨ ਵਿਚ ਵੀ ਪੜ੍ਹ ਰਹੇ ਹਨ।