#AMERICA

5 ਸੰਸਦ ਮੈਂਬਰਾਂ ਨੂੰ ਨਿਖਿਲ ਗੁਪਤਾ ’ਤੇ ਲੱਗੇ ਦੋਸ਼ਾਂ ਬਾਰੇ ਜਾਣੂ ਕਰਾਇਆ

ਵਾਸ਼ਿੰਗਟਨ, 17 ਦਸੰਬਰ (ਪੰਜਾਬ ਮੇਲ)-  ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੂੰ ਬਾਇਡਨ ਪ੍ਰਸ਼ਾਸਨ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਕਥਿਤ ਤੌਰ ’ਤੇ ਸ਼ਾਮਲ ਨਿਖਿਲ ਗੁਪਤਾ ਉਪਰ ਲੱਗੇ ਦੋਸ਼ਾਂ ਬਾਰੇ ਜਾਣਕਾਰੀ ਦਿੱਤੀ। ਪੰਜ ਸੰਸਦ ਮੈਂਬਰਾਂ ਐਮੀ ਬੇਰਾ, ਸ੍ਰੀ ਥਾਨੇਦਾਰ, ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜਯਾਪਾਲ ਅਤੇ ਰੋ ਖੰਨਾ ਨੇ ਬਿਆਨ ਜਾਰੀ ਕਰਕੇ ਨਿਖਿਲ ਗੁਪਤਾ ਉਪਰ ਲੱਗੇ ਦੋਸ਼ਾਂ ਬਾਰੇ ਜਾਣਕਾਰੀ ਦੇਣ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦੀ ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਸੰਸਦ ਮੈਂਬਰਾਂ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਸਬੰਧੀ ਜਾਂਚ ਲਈ ਭਾਰਤ ਵੱਲੋਂ ਕਮੇਟੀ ਬਣਾਏ ਜਾਣ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਸਰਕਾਰੀ ਅਧਿਕਾਰੀਆਂ ਸਮੇਤ ਸਾਜ਼ਿਸ਼ਘਾੜਿਆਂ ਨੂੰ ਜਵਾਬਦੇਹ ਠਹਿਰਾਏ ਅਤੇ ਭਰੋਸਾ ਦੇਵੇ ਕਿ ਭਵਿੱਖ ’ਚ ਅਜਿਹੀ ਘਟਨਾ ਦੁਹਰਾਈ ਨਹੀਂ ਜਾਵੇਗੀ। ਸੰਸਦ ਮੈਂਬਰਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਢੁੱਕਵੇਂ ਢੰਗ ਨਾਲ ਨਾ ਸਿੱਝਿਆ ਗਿਆ ਤਾਂ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਰਿਸ਼ਤੇ ਵਿਗੜ ਸਕਦੇ ਹਨ। ਬਿਆਨ ’ਚ ਕਿਹਾ ਗਿਆ ਕਿ ਭਾਰਤ-ਅਮਰੀਕੀ ਭਾਈਵਾਲੀ ਦਾ ਦੋਵੇਂ ਮੁਲਕਾਂ ਦੇ ਲੋਕਾਂ ਦੇ ਜੀਵਨ ’ਤੇ ਸਾਰਥਕ ਅਸਰ ਪਿਆ ਹੈ ਤੇ ਇਹ ਸਬੰਧ ਕਾਇਮ ਰੱਖਣ ਲਈ ਮਸਲੇ ਦਾ ਫੌਰੀ ਨਿਬੇੜਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ’ਚ ਅਮਰੀਕਾ ਦੀ ਅਪੀਲ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।