ਤੁਰਕੀ, 19 ਫਰਵਰੀ (ਪੰਜਾਬ ਮੇਲ)- ਤੁਰਕੀ ਤੇ ਸੀਰੀਆ ‘ਚ ਆਏ ਭੂਚਾਲ ਤੋਂ ਬਾਅਦ ਅਜੇ ਵੀ ਇਮਾਰਤਾਂ ਦੇ ਮਲਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। 6 ਫਰਵਰੀ ਨੂੰ ਆਏ ਭੂਚਾਲ ਨੇ ਤੁਰਕੀ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ (Reuters) ਮੁਤਾਬਕ ਤੁਰਕੀ ਅਤੇ ਸੀਰੀਆ ‘ਚ ਭੂਚਾਲ ਕਾਰਨ 46,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਰਿਪੋਰਟ ਮੁਤਾਬਕ ਤੁਰਕੀ ‘ਚ ਕਰੀਬ 2,64,000 ਅਪਾਰਟਮੈਂਟ ਤਬਾਹ ਹੋ ਚੁੱਕੇ ਹਨ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਟੀਮਾਂ ਦਾ ਕੰਮ ਜਾਰੀ ਹੈ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਆਫ਼ਤ ਪ੍ਰਭਾਵਿਤ ਖੇਤਰਾਂ ‘ਚ ਬਚਾਅ ਕਾਰਜ ਹੁਣ ਉਨ੍ਹਾਂ ਲੋਕਾਂ ‘ਤੇ ਕੇਂਦਰਿਤ ਹੋ ਗਿਆ ਹੈ, ਜਿਨ੍ਹਾਂ ਕੋਲ ਇਸ ਕੜਕਦੀ ਸਰਦੀ ਵਿੱਚ ਭੋਜਨ ਅਤੇ ਰਹਿਣ ਲਈ ਆਸਰਾ ਨਹੀਂ ਹੈ। ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭੂਚਾਲ ਤੋਂ ਬਾਅਦ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਭੂਚਾਲ ਤੋਂ ਬਾਅਦ 20 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਖੇਤਰਾਂ ਨੂੰ ਛੱਡ ਚੁੱਕੇ ਹਨ ਅਤੇ ਸੈਂਕੜੇ ਇਮਾਰਤਾਂ ਖੰਡਰ ਵਿੱਚ ਬਦਲ ਗਈਆਂ ਹਨ। ਏਰਦੋਗਨ ਨੇ ਅੰਕਾਰਾ ਵਿੱਚ ਇਕ ਟੈਲੀਵਿਜ਼ਨ ਭਾਸ਼ਣ ‘ਚ ਕਿਹਾ, “ਅਸੀਂ ਨਾ ਸਿਰਫ਼ ਆਪਣੇ ਦੇਸ਼ ਵਿੱਚ ਸਗੋਂ ਮਨੁੱਖਜਾਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਹਾਂ।”