ਖਡੂਰ ਸਾਹਿਬ/ਅੰਮ੍ਰਿਤਸਰ, 5 ਸਤੰਬਰ (ਪੰਜਾਬ ਮੇਲ)- ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਬਾਣੀ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸ੍ਰੀ ਗੁਰੂ ਅੰਗਦ ਦੇਵ ਖ਼ਾਲਸਾ ਕਾਲਜ ਖਡੂਰ ਸਾਹਿਬ ਵਿਖੇ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਪਦਮ ਸ੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਗਿਆਨੀ ਮਹਿਤਾਬ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਸਿੱਧ ਸਿੱਖ ਵਿਦਵਾਨ ਡਾ. ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨੇ ‘ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਬਾਣੀ’ ਵਿਸ਼ੇ ’ਤੇ ਆਪਣੇ ਖੋਜ ਭਰਪੂਰ ਪਰਚੇ ਪੇਸ਼ ਕੀਤੇ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਸੈਮੀਨਾਰ ਦੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਦੋਵੇਂ ਅਹਿਮ ਸ਼ਤਾਬਦੀ ਦਿਹਾੜੇ ਗੁਰੂ ਸਾਹਿਬਾਨ ਦੇ ਜੀਵਨ ਤੇ ਉਪਦੇਸ਼ਾਂ ਨੂੰ ਸਮਝਣ ਤੇ ਖੋਜਣ ਲਈ ਸੁਨਹਿਰੀ ਮੌਕਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਤੇ ਊਚ ਨੀਚ ਦੇ ਵਿਤਕਰੇ ਨੂੰ ਖ਼ਤਮ ਕੀਤਾ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਜੋ ਬਾਬਾ ਸੇਵਾ ਸਿੰਘ ਨੇ ਸੈਮੀਨਾਰ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ-ਆਇਆਂ ਕਿਹਾ ਅਤੇ ਸ਼ਤਾਬਦੀ ਸਮਾਗਮਾਂ ਸਮੇਂ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
ਸੈਮੀਨਾਰ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਮਨੁੱਖੀ ਜੀਵਨ ਦੇ ਵਿਕਾਸ ਲਈ ਸਰਬਪੱਖੀ ਉਪਦੇਸ਼ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਵੱਲੋਂ ਵਡੇਰੀ ਉਮਰ ਹੋਣ ਦੇ ਬਾਅਦ ਵੀ ਸਮਰਪਤ ਭਾਵਨਾ ਨਾਲ ਕੀਤੀ ਸੇਵਾ ਸੰਗਤਾਂ ਲਈ ਵੱਡੀ ਪ੍ਰੇਰਣਾ ਹੈ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਪਰਚਾ ਪੇਸ਼ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜੇ ਸਾਨੂੰ ਚੇਤਨਤਾ ਦਿੰਦੇ ਹਨ ਕਿ ਅਸੀਂ ਉਸ ਵਿਰਾਸਤ ਦੇ ਵਾਰਸ ਹਾਂ, ਜੋ ਦੁਨੀਆਂ ਵਿਚ ਨਿਵੇਕਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਮਨੁੱਖ ਨੂੰ ਸੁਚੱਜੇ ਅਤੇ ਸਫਲ ਜੀਵਨ ਦੇ ਉਪਦੇਸ਼ ਨੂੰ ਦ੍ਰਿੜ੍ਹ ਕਰਵਾਇਆ ਹੈ। ਇਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।