#PUNJAB

43ਵੀਂਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਖੇਡ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ।

ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਰਾਜ ਪੱਧਰੀ ਖੇਡਾਂ ਦਾ ਉਦਘਾਟਨ
ਮੁੱਢਲੇ ਗੇੜ ਵਿੱਚ ਲੁਧਿਆਣਾ , ਫਿਰੋਜ਼ਪੁਰ ,ਜਲੰਧਰ, ਤਰਨਤਾਰਨ ਬਠਿੰਡਾ ਨੇ ਕੀਤੀ ਜੇਤੂ ਸ਼ੁਰੂਆਤ ।
ਲੁਧਿਆਣਾ, 5 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 43ਵੀਂਆ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਰੰਗਾ ਰੰਗ ਆਗਾਜ਼ ਹੋਇਆ ।ਇਸ ਮੌਕੇ ਜਿੱਥੇ ਨਿੱਕੇ ਨਿੱਕੇ ਬੱਚਿਆਂ ਨੇ ਸੱਭਿਆਚਾਰ ਬੰਨਗੀਆਂ, ਗਿੱਧਾ, ਭੰਗੜਾ ਨਾਲ ਟੂਰਨਾਮੈਂਟ ਦਾ ਰੰਗ ਬੰਨਿਆ ,ਉੱਥੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਖੇਡਾਂ ਦਾ ਉਦਘਾਟਨ ਗੁਬਾਰੇ ਉਡਾ ਕੇ ਅਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਨੇ ਬੋਲਦਿਆ ਆਖਿਆ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗਰਾਸ ਰੂਟ ਤੇ ਖੇਡ ਸੱਭਿਆਚਾਰ ਨੂੰ ਮਜਬੂਤ ਕਰਨਾ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਹੈ । ਇੰਨਾ ਸਟੇਟ ਪੱਧਰੀ ਖੇਡਾਂ ਵਿੱਚ ਹਾਕੀ ਅਤੇ ਹੈਂਡਬਾਲ’ (ਲੜਕੇ, ਲੜਕੀਆਂ) ਮੁਕਾਬਲੇ ਹੋ ਰਹੇ ਹਨ। ਇਸ ਦੌਰਾਨ ਸ. ਜਗਰੂਪ ਸਿੰਘ ਜਰਖੜ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਸ. ਬਲਦੇਵ ਸਿੰਘ ਜੋਧਾਂ ,ਉਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਸ. ਜਸਵਿੰਦਰ ਸਿੰਘ ਬਿਰਕ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ (ਐ) ਸ੍ਰੀ ਮਨੋਜ ਕੁਮਾਰ ਜੀ ਵੱਲੋਂ ਮੁੱਖ ਮਹਿਮਾਨ ਅਤੇ ਲੁਧਿਆਣਾ ਪਹੁੰਚੀਆਂ ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਨੂੰ ਜੀ ਆਇਆ ਨੂੰ ਆਖਿਆ। ਇਸ ਦੌਰਾਨ ਜ਼ਿਲਾ ਸਪੋਰਟਸ ਕੋਆਰਡੀਨੇਟਰ ਸ. ਕੁਲਵੀਰ ਸਿੰਘ, ਸਰਪੰਚ ਬਲਜਿੰਦਰ ਸਿੰਘ ਸਮੂਹ ਬੀ.ਪੀ.ਈ.ਓ ਸਾਹਿਬਾਨ, ਜ਼ਿਲਾ ਖੇਡ ਕਮੇਟੀ ਦੇ ਮੈਂਬਰ ਹਾਜ਼ਰ ਸਨ। ਮੀਡੀਆ ਕੋਆਰਡੀਨੇਟਰ ਮਨਮੀਤ ਸਿੰਘ ਗਰੇਵਾਲ ਹਾਜ਼ਰ ਸਨ।
ਅੱਜ ਹਾਕੀ ਦੇ ਪਹਿਲੇ ਮੁਕਾਬਲੇ ਵਿੱਚ ਲੁਧਿਆਣਾ ਹਾਕੀ ਲੜਕਿਆਂ ਦੀ ਟੀਮ ਬਰਨਾਲਾ ਦੀ ਟੀਮ ਨੂੰ 9-0 ਨਾਲ ਹਰਾ ਕੇ ਅਗਲੇ ਕ੍ਰਮ ਵਿੱਚ ਪਹੁੰਚੀ। ਇਸ ਤੋਂ ਇਲਾਵਾ ਮੁੰਡਿਆਂ ਦੇ ਵਰਗ ਵਿੱਚ ਜਲੰਧਰ ਨੇ ਹੁਸ਼ਿਆਰਪੁਰ ਨੂੰ 10 -0 ਨਾਲ ਫਿਰੋਜ਼ਪੁਰ ਨੇ ਫਾਜਿਲਕਾ ਨੂੰ 4-0 ਨਾਲ ਤਰਨ ਤਾਰਨ ਨੇ ਮੋਹਾਲੀ ਨੂੰ 2-0 ਨਾਲ, ਬਠਿੰਡਾ ਨੇ ਮਲੇਰਕੋਟਲਾ ਨੂੰ 1-0 ਨਾਲ ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ 6-0 ਨਾਲ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਪਾਇਆ।
ਕੁੜੀਆ ਦੇ ਵਰਗ ਵਿੱਚ ਬਠਿੰਡਾ ਨੇ ਰੂਪ ਨਗਰ ਨੂੰ 5-0 ਨਾਲ, ਮੋਗਾ ਨੇ ਫਰੀਦਕੋਟ ਨੂੰ 6-0 ਨਾਲ, ਮੁਕਤਸਰ ਨੇ ਜਲੰਧਰ ਨੂੰ 2-1 ਨਾਲ ,ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ 4-0 ਨਾਲ ,ਮਾਨਸਾ ਨੇ ਮਲੇਰਕੋਟਲਾ ਨੂੰ 4-0 ਨਾਲ ,ਅੰਮ੍ਰਿਤਸਰ ਨੇ ਮੋਹਾਲੀ ਨੂੰ 5-0 ਨਾਲ ,ਲੁਧਿਆਣਾ ਨੇ ਪਟਿਆਲਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।
ਵੱਖ-ਵੱਖ ਜਿਲਿਆਂ ਤੋਂ ਆਈਆਂ ਸਾਰੀਆਂ ਟੀਮਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ।ਸਾਰੀਆਂ ਟੀਮਾਂ ਨੂੰ ਹਰ ਪੱਖੋਂ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਹਾਕੀ ਦੇ ਫਾਈਨਲ ਮੁਕਾਬਲੇ 7 ਦਸੰਬਰ ਨੂੰ ਹੋਣਗੇ ਅਤੇ ਹੈਂਡਬਾਲ ਦੇ ਫਾਈਨਲ ਮੁਕਾਬਲੇ 8 ਦਸੰਬਰ ਨੂੰ ਖੇਡੇ ਜਾਣਗੇ।