#PUNJAB

4161 ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਮੁੜ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਚੁਣੇ ਗਏ 4161 ਅਧਿਆਪਕਾਂ ਨੂੰ ਜਲਦੀ ਸਕੂਲਾਂ ਵਿੱਚ ਭੇਜਣ ਦੀ ਕੀਤੀ ਮੰਗ
ਪੋਰਟਲ ਨਾ ਖੁੱਲਣ ਦੀ ਸੂਰਤ ਵਿਚ 11 ਮਾਰਚ ਨੂੰ ਮੁੜ ਹੋਵੇਗਾ ਸੰਗਰੂਰ ‘ਚ ਰੋਸ ਪ੍ਰਦਰਸ਼ਨ
ਸੰਗਰੂਰ, 3 ਮਾਰਚ (ਦਲਜੀਤ ਕੌਰ/ਪੰਜਾਬ ਮੇਲ)- ਅੱਜ ਜ਼ਿਲ੍ਹਾ ਸੰਗਰੂਰ ਦੇ ਡੀਸੀ ਦਫ਼ਤਰ ਵਿਖੇ 4161 ਮਾਸਟਰ ਕੇਡਰ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਨੂੰ ਜਲਦੀ ਸਕੂਲਾਂ ਵਿਚ ਭੇਜਣ ਦੀ ਮੰਗ ਨੂੰ ਲੈ ਕੇ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ।
ਇਸ ਮੌਕੇ ਸੂਬਾ ਆਗੂ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹਨ ਕਿਉਂਕਿ ਉਹ ਆਪਣੀਆਂ ਪ੍ਰਾਈਵੇਟ ਨੌਕਰੀਆਂ ਵੀ ਛੱਡ ਚੁੱਕੇ ਹਨ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਸਕੂਲਾਂ ਵਿਚ ਨਾ ਭੇਜਿਆ ਗਿਆ ਤਾਂ ਵੱਡੀ ਪੱਧਰ ਸੰਘਰਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕੇ ਲੰਘੀ 5 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਨ, ਪਰ ਹੁਣ ਤੱਕ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਇਸੇ ਮੰਗ ਨੂੰ ਲੈਕੇ 18 ਫਰਵਰੀ ਨੂੰ 4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਤੇ ਲਾਠੀਚਾਰਜ਼ ਕੀਤਾ ਗਿਆ ਅਤੇ ਇਸ ਦੌਰਾਨ ਅਧਿਆਪਕਾਂ ਦੀਆਂ ਪੱਗਾਂ ਤੱਕ ਉੱਤਰ ਗਈਆਂ ਸਨ।
ਇਸ ਮੌਕੇ ਤੇ ਸੂਬਾ ਆਗੂ ਗੁਰਜੀਤ ਕੌਰ, ਖੁਸ਼ਦੀਪ ਸਿੰਘ, ਅਮਿਤ ਸੰਗਰੂਰ ਅਤੇ ਜਿਲਾ ਕਮੇਟੀ ਮੈਂਬਰ ਬ੍ਰਿਜ ਕੋਟੜਾ, ਰਣਜੀਤ ਸਿੰਘ, ਗੁਰਜੀਤ ਖਾਈ, ਗੁਰਪਿਆਰ ਸਿੰਘ, ਜਸਵਿੰਦਰ ਸਿੰਘ, ਅਰੁਨਦੀਪ ਸਿੰਘ, ਕ੍ਰਿਸ਼ਨਾ ਦੇਵੀ ਆਦਿ ਅਧਿਆਪਕ ਹਾਜ਼ਰ ਸਨ।

Leave a comment