#CANADA

40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ

ਟੋਰਾਂਟੋ, 13 ਜੂਨ (ਪੰਜਾਬ ਮੇਲ)-ਪੁਲਿਸ ਨੇ ਕੈਨੇਡੀਅਨ ਅਰਬਪਤੀ ਫਰੈਂਕ ਸਟ੍ਰੋਨਾਚ ਨੂੰ ਜਬਰ-ਜ਼ਨਾਹ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। 91 ਸਾਲਾ ਕਾਰੋਬਾਰੀ ਨੂੰ ਟੋਰਾਂਟੋ ਦੇ ਉਪਨਗਰ ਔਰੋਰਾ ਤੋਂ ਗ੍ਰਿਫਤਾਰ ਕੀਤਾ ਗਿਆ। ਪੀਲ ਖੇਤਰੀ ਪੁਲਿਸ ਨੇ ਕਿਹਾ ਕਿ ਕਥਿਤ ਸ਼ਰੀਰਕ ਸ਼ੋਸ਼ਣ 1980 ਦੇ ਦਹਾਕੇ ਤੋਂ ਲੈ ਕੇ 2023 ਤੱਕ ਦੇ ਹਨ।
ਸਟ੍ਰੋਨਾਚ ਕੈਨੇਡਾ ਦੀ ਮੈਗਨਾ ਇੰਟਰਨੈਸ਼ਨਲ ਦੇ ਸੰਸਥਾਪਕ ਹਨ, ਜੋ ਵਾਹਨ ਨਿਰਮਾਤਾਵਾਂ ਲਈ ਪੁਰਜ਼ੇ ਬਣਾਉਂਦੀ ਹੈ, ਨੂੰ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ ਹੈ। ਉਹ ਬਾਅਦ ‘ਚ ਬਰੈਂਪਟਨ ‘ਚ ਓਨਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਹੋਣਗੇ। ਹਾਲਾਂਕਿ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ‘ਸਪੱਸ਼ਟ ਤੌਰ ‘ਤੇ ਨਕਾਰਦੇ ਹਨ।’
ਪੀਲ ਰਿਜਨਲ ਪੁਲਿਸ ਕਾਂਸਟੇਬਲ ਟੇਲਰ ਬੈੱਲ ਨੇ ਕਿਹਾ ਕਿ ਕਾਰੋਬਾਰੀ ‘ਤੇ ਇਕ ਤੋਂ ਵੱਧ ਔਰਤਾਂ ਵੱਲੋਂ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੀਆਂ ਔਰਤਾਂ ਨੇ ਇਹ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਹਾਈ-ਪ੍ਰੋਫਾਈਲ ਕੇਸ ਹੈ।
ਪੀੜਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਟੀਮ ਦੀ ਹੈ। ਉਨ੍ਹਾਂ ਦੀ ਸੁਰੱਖਿਆ ਲਈ, ਅਸੀਂ ਇਹ ਖੁਲਾਸਾ ਨਹੀਂ ਕਰ ਰਹੇ ਕਿ ਕਿੰਨੇ ਪੀੜਤਾਂ ਨੇ ਸਟ੍ਰੋਨਾਚ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਬੈੱਲ ਨੇ ਕਿਹਾ ਕਿ ਉਹ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ, ਜੇਕਰ ਉਨ੍ਹਾਂ ਕੋਲ ਸਟ੍ਰੋਨਾਚ ਨਾਲ ਸਬੰਧਤ ਕੋਈ ਜਾਣਕਾਰੀ ਹੈ ਜਾਂ ਜੇਕਰ ਉਨ੍ਹਾਂ ਨਾਲ ਵੀ ਦੁਰਵਿਵਹਾਰ ਹੋਇਆ ਹੈ।