+1-916-320-9444 (USA)
#PUNJAB

4 ਜ਼ਿਮਨੀ ਚੋਣਾਂ ‘ਚ ਵੀ ‘ਆਪ’ ਦੀ ਪੈਰਾਸ਼ੂਟ ਉਮੀਦਵਾਰਾਂ ‘ਤੇ ਟੇਕ ਤੋਂ ਪਾਰਟੀ ਕਾਡਰ ਪ੍ਰੇਸ਼ਾਨ

-ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਲਈ ਵੀ ਪਾਰਟੀ ਦੀਆਂ ਨਜ਼ਰਾਂ ਬਾਹਰੀ ਉਮੀਦਵਾਰਾਂ ‘ਤੇ
ਚੰਡੀਗੜ੍ਹ, 29 ਅਗਸਤ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ, ਜਿਨ੍ਹਾਂ ਦਾ ਐਲਾਨ ਕਿਸੇ ਵੀ ਵੇਲੇ ਸੰਭਵ ਹੋ ਸਕਦਾ ਹੈ, ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਪਾਰਟੀ ਉਮੀਦਵਾਰਾਂ ਦੀ ਭਾਲ ਲਈ ਪ੍ਰਕਿਰਿਆ ਜਾਰੀ ਹੈ, ਪਰ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਕਾਡਰ ‘ਚ ਹਰੇਕ ਚੋਣ ਲਈ ਪਾਰਟੀ ਤੋਂ ਬਾਹਰੀ ਪੈਰਾਸ਼ੂਟ ਉਮੀਦਵਾਰਾਂ ‘ਤੇ ਟੇਕ ਰੱਖਣ ਨੂੰ ਲੈ ਕੇ ਬਾਗੀ ਸੁਰਾਂ ਲਗਾਤਾਰ ਤਿੱਖੀਆਂ ਹੋ ਰਹੀਆਂ ਹਨ।
ਪਾਰਟੀ ਆਗੂਆਂ ਦੇ ਇਕ ਵਫ਼ਦ ਵੱਲੋਂ ਇਥੇ ਪਾਰਟੀ ਦੇ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ (ਇੰਚਾਰਜ) ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕਰਕੇ ਜ਼ਿਮਨੀ ਚੋਣਾਂ ਲਈ ਪਾਰਟੀ ਤੋਂ ਬਾਹਰੋਂ ਲਿਆਂਦੇ ਜਾ ਰਹੇ ਉਮੀਦਵਾਰਾਂ ਦਾ ਤਿੱਖਾ ਵਿਰੋਧ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਜਨਰਲ ਸਕੱਤਰ (ਜਥੇਬੰਦੀ) ਸੰਦੀਪ ਪਾਠਕ, ਜਿਨ੍ਹਾਂ ਇਥੇ ਚਾਰੋਂ ਜ਼ਿਮਨੀ ਚੋਣਾਂ ਲਈ ਨਿਯੁਕਤ ਇੰਚਾਰਜਾਂ ਦੀ ਜੋ ਮੀਟਿੰਗ ਰੱਖੀ ਹੋਈ ਸੀ, ਨੂੰ ਬਿਨਾਂ ਕੋਈ ਕਾਰਨ ਦੱਸੇ ਆਖਰੀ ਮੌਕੇ ਰੱਦ ਕਰ ਦਿੱਤਾ ਗਿਆ। ਗਿੱਦੜਬਾਹਾ ਹਲਕੇ ਤੋਂ ਚਰਚਿਤ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਜਿਨ੍ਹਾਂ ਨੂੰ ਪਾਰਟੀ ਗਿੱਦੜਬਾਹਾ ਹਲਕੇ ਤੋਂ ਜ਼ਿਮਨੀ ਚੋਣਾਂ ਲਈ ਪਾਰਟੀ ਉਮੀਦਵਾਰ ਰੱਖਣਾ ਚਾਹੁੰਦੀ ਹੈ, ਦੀ ਸ਼ਮੂਲੀਅਤ ਦਾ ਵੀ ਪਾਰਟੀ ਕਾਡਰ ਵਲੋਂ ਵਿਰੋਧ ਹੋ ਰਿਹਾ ਹੈ।
ਇਸੇ ਤਰ੍ਹਾਂ ਦਲਬੀਰ ਸਿੰਘ ਗੋਲਡੀ (ਖੰਗੂੜਾ), ਜਿਸ ਨੂੰ ਸੰਸਦੀ ਚੋਣ ਮੌਕੇ ਕਾਂਗਰਸ ‘ਚੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਦਿਆਂ ਸੰਸਦ ਮੈਂਬਰ ਮੀਤ ਹੇਅਰ ਦੀ ਥਾਂ ਬਰਨਾਲਾ ਜ਼ਿਮਨੀ ਚੋਣ ਲਈ ਉਮੀਦਵਾਰ ਰੱਖਣ ਦਾ ਭਰੋਸਾ ਦਿੱਤਾ ਗਿਆ ਸੀ, ਦੀ ਉਮੀਦਵਾਰੀ ਦਾ ਵੀ ਹੁਣ ਸਥਾਨਕ ‘ਆਪ’ ਆਗੂਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੀਤ ਹੇਅਰ ਵੀ ਹੁਣ ਪਾਰਟੀ ਟਿਕਟ ਲਈ ਆਪਣੇ ਇਕ ਸਮਰਥਕ ਦਾ ਸਾਥ ਦੇ ਰਹੇ ਹਨ।
ਚੱਬੇਵਾਲ ਹਲਕੇ ਦੀ ਚੋਣ ਲਈ ਵੀ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਜੋ ਕਿ ਕਾਂਗਰਸ ਛੱਡ ਕੇ ਪਾਰਟੀ ‘ਚ ਆਏ ਹਨ, ਆਪਣੇ ਬੇਟੇ ਜਾਂ ਪਰਿਵਾਰਕ ਮੈਂਬਰ ਲਈ ਟਿਕਟ ਚਾਹੁੰਦੇ ਹਨ, ਜਦਕਿ ‘ਆਪ’ ਦਾ ਪਾਰਟੀ ਕਾਡਰ ਇਸ ਕਾਰਨ ਨਿਰਾਸ਼ ਹੈ। ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਵੀ ਪਾਰਟੀ ਦੇ ਇਸ ਹਲਕੇ ਤੋਂ ਇੰਚਾਰਜ, ਜੋ ਪਹਿਲਾਂ ਕੁਝ ਵੋਟਾਂ ‘ਤੇ ਚੋਣ ਹਾਰੇ ਸਨ, ਦਾ ਪਾਰਟੀ ਕਾਡਰ ਵੱਲੋਂ ਹੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਆਗੂ ਹੀ ਉਨ੍ਹਾਂ ਵਿਰੁੱਧ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ ਕਰ ਰਹੇ ਹਨ। ਪਾਰਟੀ ਇਸ ਹਲਕੇ ਤੋਂ ਵੀ ਸਾਬਕਾ ਅਕਾਲੀ ਤੇ ਮੌਜੂਦਾ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ‘ਚ ਸ਼ਾਮਲ ਕਰਵਾ ਕੇ ਉਮੀਦਵਾਰ ਬਣਾਉਣ ਲਈ ਗੱਲਬਾਤ ਚਲਾ ਰਹੀ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਜਿਵੇਂ ਆਪਣੇ ਕਾਡਰ ਤੇ ਆਗੂਆਂ ਨੂੰ ਮਜ਼ਬੂਤ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਹਰ ਚੋਣ ‘ਚ ਬਾਹਰੀ ਤੇ ਭਮੱਕੜ ਉਮੀਦਵਾਰਾਂ ‘ਤੇ ਹੀ ਟੇਕ ਰੱਖੀ ਜਾ ਰਹੀ ਹੈ, ਉਸ ਕਾਰਨ ਪਾਰਟੀ ਕਾਡਰ ‘ਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।
‘ਆਪ’ ਵੱਲੋਂ ਸਰਕਾਰ ਬਣਾਉਣ ਤੋਂ ਢਾਈ ਸਾਲਾਂ ਬਾਅਦ ਵੀ ਪਾਰਟੀ ਆਗੂਆਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਡਾਇਰੈਕਟਰਾਂ ਦੀਆਂ ਨਿਯੁਕਤੀਆਂ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਮਾਰਕੀਟ ਕਮੇਟੀ ‘ਚ ਪਾਰਟੀ ਕਾਡਰ ਨੂੰ ਨਾਮਜ਼ਦ ਕਰਨ ਦੀ ਥਾਂ ਲਗਾਤਾਰ ਪ੍ਰਸ਼ਾਸਕ ਲਗਾ ਰੱਖੇ ਹਨ। ਪੰਚਾਇਤਾਂ ਤੇ ਨਿਗਮਾਂ ਦੀਆਂ ਚੋਣਾਂ ਲਗਾਤਾਰ ਟਾਲੀਆਂ ਜਾ ਰਹੀਆਂ ਹਨ ਅਤੇ ਪਾਰਟੀ ਆਗੂ ਤੇ ਵਿਧਾਇਕ ਲਗਾਤਾਰ ਅਫ਼ਸਰਸ਼ਾਹੀ ਵੱਲੋਂ ਉਨ੍ਹਾਂ ਦਾ ਕੰਮਕਾਜ ਨਾ ਕਰਨ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਇਹ ਸਾਰਾ ਵਰਤਾਰਾ ਪਾਰਟੀ ਕਾਡਰ ਨੂੰ ਮਾਯੂਸੀ ਤੇ ਨਿਰਾਸ਼ਾ ਵੱਲ ਧੱਕ ਰਿਹਾ ਹੈ, ਜਿਸ ਨੂੰ ਲੈ ਕੇ ਆਉਂਦੇ ਸਮੇਂ ‘ਚ ਪਾਰਟੀ ਕਾਡਰ ਵੱਲੋਂ ਅਜਿਹੀਆਂ ਨੀਤੀਆਂ ਦਾ ਵੱਡਾ ਵਿਰੋਧ ਹੋ ਸਕਦਾ ਹੈ। ਅਜਿਹੀਆਂ ਬਾਗੀ ਸੁਰਾਂ ਤੇ ਸ਼ਿਕਾਇਤਾਂ ਭਾਵੇਂ ਪਾਰਟੀ ਹਾਈਕਮਾਨ ਕੋਲ ਵੀ ਪੁੱਜ ਰਹੀਆਂ ਹਨ, ਪਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਰਵਾਲ ਦੇ ਜੇਲ੍ਹ ‘ਚ ਹੋਣ ਕਾਰਨ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਹਾਈਕਮਾਨ ਕੋਈ ਦਖ਼ਲ ਦੇਵੇਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ, ਪਰ ਉਕਤ ਵਰਤਾਰੇ ਨੂੰ ਲੈ ਕੇ ਅਗਲੇ ਦਿਨਾਂ ਦੌਰਾਨ ਪਾਰਟੀ ਕਾਡਰ ਤੇ ਵਿਧਾਇਕਾਂ ‘ਚ ਬਾਗੀ ਸੁਰਾਂ ਦਾ ਉੱਠਣਾ ਸੁਭਾਵਿਕ ਹੈ।