#Featured

38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 13-14-15 ਫ਼ਰਵਰੀ ਨੂੰ

-7 ਸ਼ਖਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ, ਸਤਵਿੰਦਰ ਬਿੱਟੀ ਦਾ ਲੱਗੇਗਾ ਅਖਾੜਾ
ਲੁਧਿਆਣਾ, 12 ਫ਼ਰਵਰੀ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਜੀ.ਐੱਸ.ਟੀ. ਟਰੱਕ ਪਰਮਿਟ, ਕੋਕਾ ਕੋਲਾ, ਏਵਨ ਸਾਈਕਲ, 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13, 14 ਅਤੇ 15 ਫਰਵਰੀ 2026 ਨੂੰ ਕਰਵਾਈਆਂ ਜਾ ਰਹੀਆਂ ਹਨ।
ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਇਕ ਪ੍ਰੈੱਸ ਮਿਲਣੀ ਦੌਰਾਨ ਜਰਖੜ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਗਮ ਬੇਹੱਦ ਲਾਜਵਾਬ ਹੋਵੇਗਾ। ਇਸ ਵਿਚ ਜਿੱਥੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ ਖਿੱਚ ਦਾ ਕੇਂਦਰ ਬਣੇਗਾ, ਉਥੇ ਵੱਖ-ਵੱਖ ਸਕੂਲਾਂ ਦੀ ਸੱਭਿਆਚਾਰ ਵੰਨਗੀਆਂ ਵੀ ਖੇਡ ਮਾਹੌਲ ਨੂੰ ਹੋਰ ਸੁਹਾਵਣਾ ਬਣਾਉਣਗੀਆਂ। ਇਸ ਮੌਕੇ ਜਰਖੜ ਖੇਡਾਂ ਦੀ ਉਲੰਪਿਕ ਖੇਡ ਮਸ਼ਾਲ ਜੰਨਤ-ਏ-ਜਰਖੜ ਮਿਊਜ਼ੀਅਮ ਦੇ ਲਾਹੌਰ (ਪਾਕਿਸਤਾਨ ਵਾਲਾ ਲਾਹੌਰ ਨਹੀਂ) ਤੋਂ ਚੱਲੇਗੀ ਅਤੇ ਖਿਡਾਰੀਆਂ ਦੇ ਕਾਫਲੇ ਦੇ ਰੂਪ ਵਿਚ ਜਰਖੜ ਖੇਡ ਸਟੇਡੀਅਮ ਵਿਖੇ ਪੁੱਜੇਗੀ, ਜਿੱਥੇ ਕੌਮੀ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਖੇਡ ਮਸ਼ਾਲ ਨੂੰ ਜਗਾਉਣਗੇ ਅਤੇ ਖੇਡਾਂ ਸ਼ੂਰੂ ਕਰਨ ਦਾ ਐਲਾਨ ਹੋਵੇਗਾ। ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕਰਨਗੇ, ਜਦਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ।
ਇਸ ਵਰ੍ਹੇ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਉੱਤੇ 15 ਫਰਵਰੀ ਨੂੰ ਦੁਪਹਿਰ 1 ਵਜੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਅਤੇ ਖੇਡ ਸਮਰਥਕ ਅਧਿਕਾਰੀ ਸ਼੍ਰੀ ਚੰਦਰਸ਼ੇਖਰ ਨੂੰ ”ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ” ਨਾਲ, ਪਦਮ ਸ੍ਰੀ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ” ਨਾਲ, ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ”ਪੰਜਾਬ ਦਾ ਮਾਣ ਐਵਾਰਡ”  ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ. ਵਾਈਸ ਚਾਂਸਲਰ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਨੂੰ ”ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ”  ਨਾਲ, ਪੱਤਰਕਾਰ ਦਵਿੰਦਰਪਾਲ ਸਿੰਘ ਚੰਡੀਗੜ੍ਹ ਨੂੰ ”ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ” ਦੇ ਨਾਲ, ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਨੂੰ ”ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ” ਨਾਲ, ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਕਾਲ਼ਾ ਗਰੇਵਾਲ ਯੂ.ਐੱਸ.ਏ. ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਦੇ ਨਾਲ ਸਨਮਾਨਿਆ ਜਾਵੇਗਾ।
ਇਨ੍ਹਾਂ ਖੇਡਾਂ ਵਿਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਵੇਗਾ। ਉਨ੍ਹਾਂ ਦੱਸਿਆ ਹਾਕੀ ਲੜਕੇ ਤੇ ਲੜਕੀਆਂ ਸੀਨੀਅਰ ਵਰਗ, ਹਾਕੀ ਅੰਡਰ 15 ਸਾਲ ਮੁੰਡੇ, ਕਬੱਡੀ ਓਪਨ ਲੁਧਿਆਣਾ ਮਲੇਰਕੋਟਲਾ ਕਬੱਡੀ ਲੀਗ ਦੇ ਮੁਕਾਬਲੇ, ਕਬੱਡੀ ਬਜ਼ੁਰਗਾਂ ਦੀ 50 ਸਾਲ ਧਰਮ ਸਿੰਘ ਜਰਖੜ ਕਬੱਡੀ ਕੱਪ, ਅਮਰਜੀਤ ਗਰੇਵਾਲ ਦੀ ਯਾਦ ਵਿਚ ਫੁੱਟਬਾਲ 60 ਕਿਲੋ ਮੁੰਡੇ, ਅਤੇ ਅੰਡਰ 19 ਸਾਲ ਕੁੜੀਆਂ ਦੇ ਮੁਕਾਬਲੇ, ਬਾਬਾ ਸੁਰਜਨ ਸਿੰਘ ਸਰੀਂਹ ਦੀ ਯਾਦ ਵਿਚ ਰੱਸਾਕਸ਼ੀ ਸੀਨੀਅਰ ਵਰਗ ਦੇ ਮੁਕਾਬਲੇ, ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ, ਰੱਸਾਕਸ਼ੀ, ਦੌੜਾਂ, ਕਬੱਡੀ ਪ੍ਰਾਇਮਰੀ ਸਕੂਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਖਿਡਾਰੀਆਂ ਅਤੇ ਆਮ ਪਬਲਿਕ ਵਾਸਤੇ ਲੰਗਰ ਦੀ ਸੇਵਾ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਜਰਖੜ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਖਿਡਾਰੀਆਂ ਵਾਸਤੇ ਵਧੀਆ ਜੂਸ ਅਤੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ।
ਫਾਈਨਲ ਸਮਾਰੋਹ ‘ਤੇ 15 ਫ਼ਰਵਰੀ ਨੂੰ ਦੁਪਹਿਰ 2 ਵਜੇ ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ, ਨੀਤੂ ਵਿਰਕ, ਗੁਰਜਾਨ  ਆਦਿ ਹੋਰ ਗਾਇਕਾਂ ਦਾ ਖੁੱਲਾ ਅਖਾੜਾ ਵੀ ਲੱਗੇਗਾ। ਡਰੈਗਨ ਅਕੈਡਮੀ ਲੁਧਿਆਣਾ ਵੱਲੋਂ ਸੱਭਿਆਚਾਰਕ ਗੀਤਾ ਉੱਤੇ ਕੋਰੀਓਗਰਾਫੀ ਅਤੇ ਡਾਂਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਜੇਤੂ ਖਿਡਾਰੀਆਂ ਨੂੰ ਮਿਲਣਗੇ 70 ਸਾਈਕਲ ਅਤੇ ਵੱਡੀ ਇਨਾਮੀ ਰਾਸ਼ੀ
ਜਰਖੜ ਖੇਡਾਂ ਦੇ ਜੇਤੂ ਖਿਡਾਰੀ ਨੂੰ ਜਿੱਥੇ ਏਵਨ ਸਾਈਕਲ ਵੱਲੋਂ 50 ਸਾਈਕਲ ਦਿੱਤੇ ਜਾਣਗੇ, ਉਥੇ ਹਾਕੀ ਦੇ ਜੇਤੂ ਖਿਡਾਰੀਆਂ ਨੂੰ ਵੀ ਵਿਸ਼ਾਲ ਸਾਈਕਲ 20 ਸਾਈਕਲ ਇਨਾਮ ਵਜੋਂ ਦੇਵੇਗਾ। ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ ਇਨਾਮੀ ਰਾਸ਼ੀ ਵੀ ਮਿਲੇਗੀ। ਕਬੱਡੀ ਖਿਡਾਰੀਆਂ ਨੂੰ ਢਾਈ ਲੱਖ ਰੁਪਏ ਤੇ ਫੁੱਟਬਾਲ ਵਿਚ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ।
ਕੁੱਲ ਮਿਲਾ ਕੇ ਜਰਖੜ ਖੇਡਾਂ ਇਸ ਵਰ੍ਹੇ ਨਸ਼ਾ ਰਹਿਤ ਸਮਾਜ ਦੇ ਇਤਿਹਾਸ ਦਾ ਇਕ ਨਵਾਂ ਪੰਨਾ ਸਿਰਜਣਗੀਆਂ ਅਤੇ ਖਿਡਾਰੀਆਂ ਨੂੰ ਇੱਕ ਨਵੀਂ ਸੇਧ ਦੇ ਕੇ ਸਮਾਪਤ ਹੋਣਗੀਆਂ।
ਅੱਜ ਦੀ ਮੀਟਿੰਗ ਦੌਰਾਨ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਤੋਂ ਇਲਾਵਾ ਅਮਰੀਕ ਸਿੰਘ ਮਿਨਹਾਸ ਸਾਬਕਾ ਏ.ਆਈ.ਜੀ. ਪੰਜਾਬ ਪੁਲਿਸ, ਸਰਪੰਚ ਸੰਦੀਪ ਸਿੰਘ ਜਰਖੜ, ਸੁਖਵਿੰਦਰ ਸਿੰਘ ਚੈਅਰਮੈਨ ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ, ਤਜਿੰਦਰ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ ਗਰੇਵਾਲ, ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਵੰਤ ਸਿੰਘ ਬੁੱਢੇਵਾਲ, ਛਿੰਦਾ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।