#AMERICA

36 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ‘ਚ ਦਾਖਲ ਹੋਣ ‘ਤੇ ਲੱਗ ਸਕਦੀ ਹੈ ਪਾਬੰਦੀ!

ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ੀਆਂ ਦੀ ਐਂਟਰੀ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਜਾ ਰਹੇ ਹਨ। 12 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਉਣ ਮਗਰੋਂ ਉਹ ਇਸ ਸੂਚੀ ਦਾ ਵਿਸਥਾਰ ਕਰਨਾ ਚਾਹੁੰਦੇ ਹਨ, ਜਿਸ ਨਾਲ 36 ਹੋਰ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲੱਗ ਸਕਦੀ ਹੈ। ਇਸ ਸੂਚੀ ਵਿਚ ਭਾਰਤ ਦੇ ਇਕ ਹੋਰ ਗੁਆਂਢੀ ਦੇਸ਼ ਭੂਟਾਨ ਦਾ ਨਾਮ ਹੈ। ਉਂਝ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਕਈ ਅਫਰੀਕੀ, ਕੈਰੇਬੀਅਨ ਅਤੇ ਮੱਧ ਏਸ਼ੀਆਈ ਦੇਸ਼ ਸ਼ਾਮਲ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅੰਦਰੂਨੀ ਜਾਣਕਾਰੀ ਅਨੁਸਾਰ ਇਹ ਕਦਮ ਦੇਸ਼ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਅੱਤਵਾਦੀਆਂ ਤੋਂ ਬਚਾਉਣ ਲਈ ਚੁੱਕਿਆ ਜਾ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ, ਜਿਸ ਵਿਚ ਅਫਗਾਨਿਸਤਾਨ ਅਤੇ ਮਿਆਂਮਾਰ ਵੀ ਸ਼ਾਮਲ ਸਨ।
ਇਹ ਨਿਰਦੇਸ਼ ਇਮੀਗ੍ਰੇਸ਼ਨ ਕਾਰਵਾਈ ਦਾ ਹਿੱਸਾ ਸੀ, ਜਿਸ ਨੂੰ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿਚ 2025 ‘ਚ ਸ਼ੁਰੂ ਕੀਤਾ ਸੀ। ਜਿਸ ‘ਚ ਗਿਰੋਹ ਦੇ ਮੈਂਬਰ ਹੋਣ ਦੇ ਸ਼ੱਕ ‘ਚ ਸੈਂਕੜੇ ਵੈਨੇਜ਼ੁਏਲਾ ਦੇ ਲੋਕਾਂ ਨੂੰ ਅਲ ਸਲਵਾਡੋਰ ਭੇਜਣਾ, ਅਮਰੀਕੀ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੋਂ ਇਨਕਾਰ ਕਰਨ ਅਤੇ ਹੋਰਾਂ ਨੂੰ ਦੇਸ਼ ਨਿਕਾਲਾ ਦੇਣਾ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ।
ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਦਸਤਖ਼ਤ ਕੀਤੇ ਗਏ ਇਸ ਪੱਤਰ ਵਿਹਾਰ ਵਿਚ ਇਨ੍ਹਾਂ 36 ਦੇਸ਼ਾਂ ਬਾਰੇ ਇੱਕ ਦਰਜਨ ਚਿੰਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿਹਾਰ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਦੇਸ਼ 60 ਦਿਨਾਂ ਦੇ ਅੰਦਰ ਨਿਰਧਾਰਤ ਮਾਪਦੰਡਾਂ ਅਤੇ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪੂਰੀ ਜਾਂ ਅੰਸ਼ਕ ਪਾਬੰਦੀ ਲਗਾਈ ਜਾ ਸਕਦੀ ਹੈ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਇਸ ਪੱਤਰ ਵਿਹਾਰ ਬਾਰੇ ਜਾਣਕਾਰੀ ਦਿੱਤੀ।
ਵਿਦੇਸ਼ ਵਿਭਾਗ ਨੇ ਚਿੰਤਾ ਜ਼ਾਹਰ ਕੀਤੀ ਕਿ ਕੁਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀ ਭਰੋਸੇਯੋਗ ਤਰੀਕੇ ਨਾਲ ਪਛਾਣ ਨਹੀਂ ਕਰਦੀਆਂ। ਕੁਝ ਦੇਸ਼ਾਂ ਦੇ ਪਾਸਪੋਰਟਾਂ ਦੀ ਸੁਰੱਖਿਆ ਵੀ ਸ਼ੱਕੀ ਹੈ। ਇਸ ਤੋਂ ਇਲਾਵਾ ਕੁਝ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਵਿਚ ਸਹਿਯੋਗ ਨਹੀਂ ਕਰਦੇ, ਜਿਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਕਈ ਦੇਸ਼ਾਂ ਦੇ ਨਾਗਰਿਕ ਆਪਣੇ ਅਮਰੀਕੀ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਰਹਿ ਰਹੇ ਹਨ। ਪੱਤਰ ਵਿਹਾਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਦੇਸ਼ਾਂ ਦੇ ਨਾਗਰਿਕ ਅਮਰੀਕਾ ਵਿੱਚ ਅੱਤਵਾਦੀ ਗਤੀਵਿਧੀਆਂ, ਯਹੂਦੀ-ਵਿਰੋਧੀ ਜਾਂ ਅਮਰੀਕਾ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ।
ਜੇਕਰ ਅਗਲੇ 60 ਦਿਨਾਂ ਦੇ ਅੰਦਰ ਸਰਕਾਰ ਅਤੇ ਇਮੀਗ੍ਰੇਸ਼ਨ ਵਲੋਂ ਆਪਣੇ ਦੇਸ਼ ਪ੍ਰਤੀ ਜਤਾਈਆਂ ਗਈਆਂ ਚਿੰਤਾਵਾਂ ਨੂੰ ਦੂਜੇ ਦੇਸ਼ਾਂ ਵਲੋਂ ਦੂਰ ਨਹੀਂ ਕੀਤਾ ਜਾਂਦਾ, ਤਾਂ ਅੰਗੋਲਾ, ਐਂਟੀਗੁਆ ਅਤੇ ਬਾਰਬੁਡਾ, ਬੇਨਿਨ, ਭੂਟਾਨ, ਬੁਰਕੀਨਾ ਫਾਸੋ, ਕਾਬੋ ਵਰਡੇ, ਕੰਬੋਡੀਆ, ਕੈਮਰੂਨ, ਕੋਟ ਡਿਵੁਆਰ, ਕਾਂਗੋ ਲੋਕਤੰਤਰੀ ਗਣਰਾਜ, ਜਿਬੂਤੀ, ਡੋਮਿਨਿਕਾ, ਮਿਸਰ, ਇਥੋਪੀਆ, ਗੈਬੋਨ, ਗੈਂਬੀਆ, ਘਾਨਾ, ਕਿਰਗਿਸਤਾਨ, ਲਾਈਬੇਰੀਆ, ਮਲਾਵੀ, ਨਿਉਤੀਆ, ਮਾਲਾਵੀ, ਮਾਲਾਵੀ, ਨਿਉਰਟੀ, ਮਾਲਾਵੀ ਸੇਂਟ ਲੂਸੀਆ, ਸਾਓ ਟੋਮੇ ਅਤੇ ਪ੍ਰਿੰਸੀਪੇ, ਸੇਨੇਗਲ, ਦੱਖਣੀ ਸੂਡਾਨ, ਸੀਰੀਆ, ਤਨਜ਼ਾਨੀਆ, ਟੋਂਗਾ, ਟੂਵਾਲੂ, ਯੂਗਾਂਡਾ, ਵੈਨੂਆਟੂ, ਜ਼ੈਂਬੀਆ, ਜ਼ਿੰਬਾਬਵੇ ਆਦਿ ਦੇਸ਼ ਪੂਰੀ ਜਾਂ ਅੰਸ਼ਕ ਪਾਬੰਦੀ ਦਾ ਸਾਹਮਣਾ ਕਰ ਸਕਦੇ ਹਨ।