#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਚਾਰੇ ਦੀ ਵੱਡੀ ਸਹਾਇਤਾ

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)-  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਚਾਰੇ ਦੀ ਵੱਡੀ ਸਹਾਇਤਾ -ਸਨੌਰ ਹਲਕੇ ਦੇ ਜੁੱਲਾ ਖੇੜੀ, ਸਾਧੂ ਨਗਰ ਅਤੇ ਬਲਾਕ ਭੁੰਨਰਹੇੜੀ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਹਤ ਸਮੱਗਰੀ ਵੰਡਣ ਦੀ ਸੇਵਾ ਕੀਤੀ ਗਈ। ਇਹ ਸਾਰੀ ਸੇਵਾ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਹੋਈ ਅਤੇ ਉਹ ਖ਼ੁਦ ਮੌਕੇ ‘ਤੇ ਹਾਜ਼ਰ ਰਹੇ। ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਜੀ ਦੀ ਰਹਿਨੁਮਾਈ ਹੇਠ ਭੇਜੀ ਗਈ ਰਾਹਤ ਸਮੱਗਰੀ ਨੂੰ ਪਿੰਡਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਸਨੌਰ ਹਲਕੇ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਨੇ ਟਰੱਸਟ ਦੀ ਟੀਮ ਨਾਲ ਮਿਲ ਕੇ ਆਪਣੇ ਹੱਥੀਂ ਪਸ਼ੂਆਂ ਲਈ ਚਾਰਾ ਵੰਡਿਆ ਅਤੇ ਡਾ. ਓਬਰਾਏ ਜੀ ਦਾ ਧੰਨਵਾਦ ਕੀਤਾ।
ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ 162 ਕੁਇੰਟਲ ਪਸ਼ੂਆਂ ਦਾ ਚਾਰਾ (ਮੱਕੀ ਦਾ ਅਚਾਰ) ਵੰਡਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਅਤੇ ਪਟਿਆਲਾ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਕੌਮੀ ਪ੍ਰਧਾਨ ਜੱਸਾ ਸਿੰਘ ਨੇ ਦੱਸਿਆ  ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਕਮਾਈ ਦਾ 98% ਲੋਕ ਭਲਾਈ ਕੰਮਾਂ ਵਿੱਚ ਖਰਚਦੇ ਹਨ। ਉਹਨਾਂ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਵੀ ਹਰ ਤਰ੍ਹਾਂ ਦੀ ਸਹਾਇਤਾ—ਜਿਵੇਂ ਕਿ ਰਾਸ਼ਨ ਕਿੱਟਾਂ, ਮੈਡੀਕਲ ਕਿੱਟਾਂ, ਤਰਪਾਲਾਂ ਅਤੇ ਹੋਰ ਰਾਹਤ ਸਮੱਗਰੀ—ਲਗਾਤਾਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਹੈ। ਹੜ੍ਹਾਂ ਦੇ ਕਾਰਨ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਪ੍ਰਸਿੱਧ ਸਮਾਜਸੇਵੀ ਡਾ. ਐਸ. ਪੀ. ਸਿੰਘ ਓਬਰਾਏ ਵੱਲੋਂ ਫੌਰੀ ਤੌਰ ‘ਤੇ ਢਾਈ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਰਕਮ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਹਨ।
ਡਾ. ਓਬਰਾਏ ਨੇ ਹੜ੍ਹ ਆਉਣ ਦੇ ਪਹਿਲੇ ਹੀ ਦਿਨ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਅੱਜ ਤੱਕ ਉਹਨਾਂ ਦੀਆਂ ਟੀਮਾਂ ਲਗਾਤਾਰ ਬਾਰਡਰ ਇਲਾਕਿਆਂ ਵਿੱਚ ਲੋਕਾਂ ਦੀ ਸਹਾਇਤਾ ਕਰ ਰਹੀਆਂ ਹਨ। ਖ਼ਾਸ ਕਰਕੇ ਉਹ ਇਲਾਕੇ ਜਿੱਥੇ ਹੜ੍ਹ ਨੇ ਸਭ ਤੋਂ ਵੱਧ ਮਾਰ ਮਾਰੀ ਹੈ, ਉੱਥੇ ਉਹਨਾਂ ਦੀ ਸੇਵਾ ਨਿਰੰਤਰ ਚੱਲ ਰਹੀ ਹੈ।
ਇਸ ਮੁਸ਼ਕਲ ਘੜੀ ਵਿੱਚ ਡਾ. ਓਬਰਾਏ ਦੀਆਂ ਟੀਮਾਂ ਦਿਨ-ਰਾਤ ਮੈਦਾਨ ਵਿੱਚ ਉਤਰ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕਰ ਰਹੀਆਂ ਹਨ। ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਸੇਵਾ ਉਸ ਵੇਲੇ ਤੱਕ ਜਾਰੀ ਰਹੇਗੀ ਜਦ ਤੱਕ ਹਾਲਾਤ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋ ਜਾਂਦੇ।