ਓਟਵਾ, 29 ਦਸੰਬਰ (ਪੰਜਾਬ ਮੇਲ)-ਕ੍ਰਿਸਮਸ ਤੋਂ ਕੁਝ ਦਿਨ ਪਹਿਲਾਂ ਕਰਵਾਏ ਗਏ ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਇਆ ਕਿ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਹਰੇਕ ਤੀਜੇ ਵਿਅਕਤੀ ਨੇ ਇਹ ਆਖਿਆ ਕਿ ਉਹ ਇਕੱਲੇਪਣ ਤੇ ਤਣਾਅ ਤੋਂ ਪ੍ਰਭਾਵਿਤ ਹਨ। ਨੌਜਵਾਨਾਂ ਵਿਚ ਇਹ ਅੰਕੜਾ ਜ਼ਿਆਦਾ ਪਾਇਆ ਗਿਆ।
ਮੰਗਲਵਾਰ ਨੂੰ ਮਾਰੂ ਪਬਲਿਕ ਓਪੀਨੀਅਨ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿਚ ਪਾਇਆ ਗਿਆ ਕਿ 34 ਫੀਸਦੀ ਲੋਕ ਛੁੱਟੀਆਂ ਦੌਰਾਨ ਇਕੱਲਾਪਣ ਤੇ ਤਣਾਅ ਮਹਿਸੂਸ ਕਰਦੇ ਹਨ, ਜਦਕਿ 11 ਫੀਸਦੀ ਨੇ ਆਖਿਆ ਕਿ ਉਹ ਇਹ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਦਿਲਾਸਾ ਤੇ ਹੌਂਸਲਾ ਦੇਣ ਵਾਲਾ ਹੋਵੇ। 18 ਤੋਂ 34 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਵਿਚੋਂ 54 ਫੀਸਦੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਇਕੱਲਤਾ ਤੇ ਤਣਾਅ ਕਾਫੀ ਮਹਿਸੂਸ ਹੁੰਦਾ ਹੈ। 35 ਤੋਂ 54 ਸਾਲ ਦੇ ਉਮਰ ਵਰਗ ਦੇ 36 ਫੀ ਸਦੀ ਲੋਕਾਂ ਦਾ ਇਹੋ ਵਿਚਾਰ ਸੀ।
ਇਸ ਹਾਲੀਡੇਅ ਸੀਜ਼ਨ ਸਰਵੇਖਣ ਵਿਚ ਹਿੱਸਾ ਲੈਣ ਵਾਲੇ 44 ਫੀਸਦੀ ਲੋਕ, ਜਿਹੜੇ ਸਾਲ ਵਿਚ 50,000 ਡਾਲਰ ਤੋਂ ਵੀ ਘੱਟ ਕਮਾਉਂਦੇ ਹਨ, ਦਾ ਮੰਨਣਾ ਹੈ ਕਿ ਉਹ ਕਾਫੀ ਇਕੱਲਤਾ ਤੇ ਉਦਾਸੀ ਮਹਿਸੂਸ ਕਰਦੇ ਹਨ। ਜਿਹੜੇ ਲੋਕ ਵੱਧ ਪੈਸੇ ਕਮਾਉਂਦੇ ਹਨ, ਉਨ੍ਹਾਂ ਦੀ ਇਹ ਮਨੋਦਸ਼ਾ ਘੱਟਦੀ ਜਾਂਦੀ ਹੈ। ਓਨਟਾਰੀਓ ਦੇ 40 ਫੀਸਦੀ ਲੋਕਾਂ ਵਿਚ ਇਸ ਤਰ੍ਹਾਂ ਦੇ ਨਾਂਹਪੱਖੀ ਖਿਆਲ ਪਾਏ ਗਏ। ਅਲਬਰਟਾ ਤੇ ਕਿਊਬਿਕ ਦੇ 32 ਫੀਸਦੀ ਲੋਕਾਂ ਵਿਚ ਤੇ ਮੈਨੀਟੋਬਾ, ਸਸਕੈਚਵਨ ਤੇ ਬ੍ਰਿਟਿਸ਼ ਕੋਲੰਬੀਆ ਦੇ 27 ਫੀਸਦੀ ਲੋਕਾਂ ਵਿਚ ਇਸ ਤਰ੍ਹਾਂ ਦੀ ਮਨੋਦਸ਼ਾ ਪਾਈ ਗਈ। ਜੇ ਕੋਈ ਸੰਕਟ ਵਿਚ ਹੋਵੇ ਤਾਂ ਉਹ ਕੈਨੇਡਾ ਦੀ ਸਿਊਸਾਈਡ ਕ੍ਰਾਈਸਿਸ ਹੈਲਪਲਾਈਨ 988 ‘ਤੇ ਕਾਲ ਜਾਂ ਟੈਕਸਟ ਕਰ ਸਕਦਾ ਹੈ।