#AMERICA

34 ਦੋਸ਼ਾਂ ‘ਤੇ ਦੋਸ਼ੀ ਐਲਾਨੇ ਜਾਣ ਬਾਅਦ ਟਰੰਪ ਦੀ ਚੇਤਾਵਨੀ

‘ਜੇਕਰ ਮੈਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਅਮਰੀਕਾ ਹੋ ਜਾਵੇਗਾ ਤਬਾਹ’
ਨਿਊਯਾਰਕ, 6 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪਿਛਲੇ ਹਫਤੇ ਜੋ ਨਿਊਯਾਰਕ ਦੀ ਜਿਊਰੀ ਵੱਲੋਂ ਸੁਣਾਈ ਗਈ ਇਤਿਹਾਸਕ ਸਜ਼ਾ ਤੋਂ ਬਾਅਦ ਉਹ ਘਰ ‘ਚ ਨਜ਼ਰਬੰਦੀ ਜਾਂ ਜੇਲ੍ਹ ਨੂੰ ਸਵੀਕਾਰ ਕਰਨਗੇ। ਪਰ ਅਮਰੀਕੀ ਜਨਤਾ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਟਰੰਪ ਨੇ ਇਕ ਧਮਕੀ ਵੀ ਦਿੱਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਅਮਰੀਕਾ ਤਬਾਹ ਹੋ ਜਾਵੇਗਾ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਜੇਕਰ ਲੋਕਾਂ ਦਾ ਸਬਰ ਟੁੱਟੇਗਾ, ਤਾਂ ਇਹ ਅਮਰੀਕਾ ‘ਚ ਕਿਸ ਹੱਦ ਤੱਕ ਤਬਾਹੀ ਮਚਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੋਰਨ ਸਟਾਰ ਦੇ ਮਾਮਲੇ ‘ਚ 34 ਦੋਸ਼ਾਂ ਦਾ ਅਦਾਲਤ ਨੇ ਦੋਸ਼ੀ ਮੰਨਣ ਤੋਂ ਬਾਅਦ 11 ਜੁਲਾਈ ਨੂੰ ਟਰੰਪ ਨੂੰ ਸਜ਼ਾ ਸੁਣਾਈ ਜਾਣੀ ਹੈ। ਦੱਸਣਯੋਗ ਹੈ ਕਿ ਜਦੋਂ ਟਰੰਪ ਚੋਣ ਹਾਰ ਗਏ ਸਨ, ਉਦੋਂ ਵੀ ਅਮਰੀਕਾ ਵਿਚ ਹਫੜਾ-ਦਫੜੀ ਮੱਚ ਗਈ ਸੀ। 6 ਜਨਵਰੀ, 2021 ਨੂੰ, ਅਮਰੀਕਨ ਕੈਪੀਟਲ ‘ਤੇ ਉਸ ਦੇ ਸਮਰਥਕਾਂ ਦੁਆਰਾ ਹਮਲਾ ਕੀਤਾ ਗਿਆ ਸੀ। ਡੋਨਾਲਡ ਟਰੰਪ ਨੇ ਨਿਊਯਾਰਕ ਦੀ ਜਿਊਰੀ ਦੁਆਰਾ ਸੁਣਾਈ ਗਈ ਸਜ਼ਾ ਵਿਰੁੱਧ ਅਪੀਲ ਕਰਨ ਦੀ ਸਹੁੰ ਖਾਧੀ ਹੈ।