#AMERICA

33 ਲੱਖ ਪ੍ਰਵਾਸੀਆਂ ਨੂੰ ਮਿਲੀ ਅਮਰੀਕੀ ‘ਨਾਗਰਿਕਤਾ’

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਹੁਣ ਤੱਕ 33 ਲੱਖ ਪ੍ਰਵਾਸੀ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਹਨ ਅਤੇ 9 ਲੱਖ ਗ੍ਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਅਜਿਹਾ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ, ਵੋਟਾਂ ਦੌਰਾਨ ਫ਼ਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ ਵਾਲੇ ਮਹੀਨਿਆਂ ‘ਚ ਨਾਗਰਿਕਤਾ ਦਿੱਤੀ ਜਾਵੇਗੀ। ਗ੍ਰੀਨ ਕਾਰਡ ਧਾਰਕਾਂ ਅਤੇ ਨਾਗਰਿਕਾਂ ਦੇ ਹੱਕ ਤਕਰੀਬਨ ਬਰਾਬਰ ਹੁੰਦੇ ਹਨ ਪਰ ਵੋਟ ਪਾਉਣ ਦਾ ਹੱਕ ਸਿਰਫ ਨਾਗਰਿਕਾਂ ਕੋਲ ਹੀ ਹੁੰਦਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਔਸਤ ਆਧਾਰ ‘ਤੇ ਤਕਰੀਬਨ 5 ਮਹੀਨੇ ਵਿਚ ਨਾਗਰਿਕਤਾ ਨਾਲ ਸਬੰਧਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਜਦਕਿ 2021 ਵਿਚ ਇਹ ਸਮਾਂ 11 ਮਹੀਨੇ ਤੋਂ ਉਪਰ ਚੱਲ ਰਿਹਾ ਸੀ।