#PUNJAB

325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI

ਜਲੰਧਰ, 21 ਨਵੰਬਰ (ਪੰਜਾਬ ਮੇਲ)- ਮਹਾਨਗਰ ਜਲੰਧਰ ਦਾ ਐਵਰੇਜ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) 251 ਦਰਜ ਕੀਤਾ ਗਿਆ ਹੈ, ਜਦਕਿ ਵੱਧ ਤੋਂ ਵੱਧ 325 ਨੂੰ ਪਾਰ ਕਰਦੇ ਹੋਏ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਕਾਰਨ ਸਾਵਧਾਨੀ ਅਪਣਾਉਣੀ ਜ਼ਰੂਰੀ ਹੋ ਚੁੱਕੀ ਹੈ। ਉਥੇ ਹੀ ਘੱਟੋ-ਘੱਟ ਏ. ਕਿਊ. ਆਈ. (ਹਵਾ ਵਿਚ ਪ੍ਰਦੂਸ਼ਣ ਦਾ ਪੱਧਰ) 54 ਦਰਜ ਕੀਤਾ ਗਿਆ ਹੈ, ਜੋਕਿ ਰਾਤ ਸਮੇਂ ਹੁੰਦਾ ਹੈ।

ਇਸੇ ਤਰ੍ਹਾਂ ਪਹਾੜਾਂ ਵਿਚ ਹੋਣ ਵਾਲੀ ਬਰਫ਼ਬਾਰੀ ਕਾਰਨ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਰਿਕਾਰਡ ਹੋਇਆ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਤਕ ਡਿੱਗ ਚੁੱਕਾ ਹੈ, ਜਿਸ ਕਾਰਨ ਠੰਢ ਵਧਣ ਲੱਗੀ ਹੈ। ਇਸੇ ਤਰ੍ਹਾਂ ਅਗਲੇ 1-2 ਦਿਨਾਂ ਤਕ ਤਾਪਮਾਨ ਵਿਚ 2-3 ਡਿਗਰੀ ਦੀ ਗਿਰਾਵਟ ਵੇਖਣ ਨੂੰ ਮਿਲੇਗੀ। ਉਥੇ ਹੀ, ਮੌਸਮ ਵਿਭਾਗ ਵੱਲੋਂ ਧੁੰਦ ਕਾਰਨ 22 ਅਤੇ 23 ਨਵੰਬਰ ਨੂੰ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸਾਵਧਾਨੀ ਅਪਣਾਉਣੀ ਚਾਹੀਦੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕਈ ਹਾਦਸੇ ਵੀ ਹੋ ਚੁੱਕੇ ਹਨ, ਜਿਸ ਕਾਰਨ ਸਵੇਰੇ ਸਮੇਂ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਏ. ਕਿਊ. ਆਈ. ਵਿਚ ਸੁਧਾਰ ਵੇਖਣ ਨੂੰ ਮਿਲੇਗਾ ਪਰ ਮਹਾਨਗਰ ਵਿਚ ਆਉਣ ਵਾਲੇ 1-2 ਦਿਨਾਂ ਤਕ ਮੀਂਹ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਹੈ, ਜਿਸ ਕਾਰਨ ਅਗਲੇ ਕੁਝ ਦਿਨਾਂ ਤਕ ਹਵਾ ਦੇ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਹੋਵੇਗਾ।