-ਪੁਲਿਸ ਕੱਸ ਸਕਦੀ ਹੈ ਸ਼ਿਕੰਜਾ
ਮੋਹਾਲੀ, 16 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 32 ਗ੍ਰਨੇਡ ਬਾਰੇ ਦਿੱਤੇ ਬਿਆਨਾਂ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਜਾ ਰਿਹਾ ਹੈ। ਮੋਹਾਲੀ ਦੀ ਸਾਈਬਰ ਸੈੱਲ ਪੁਲਿਸ ਵੱਲੋਂ ਵਿਰੋਧੀ ਧਿਰ ਨੇਤਾ ਤੋਂ ਤਕਰੀਬਨ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਾਜਵਾ ਨੇ ਪੁਲਿਸ ਨਾਲ ਸਹਿਯੋਗ ਨਹੀਂ ਕੀਤਾ ਹੈ ਤੇ ਉਨ੍ਹਾਂ ਉੱਤੇ ਪੁਲਿਸ ਸ਼ਿਕੰਜਾ ਕੱਸ ਸਕਦੀ ਹੈ।
ਸੂਤਰਾਂ ਮੁਤਾਬਕ ਪੁਲਿਸ ਨੇ ਪੰਜਾਬੀਆਂ ਦੀ ਸੁਰੱਖਿਆ ਦੀ ਚਿੰਤਾ ਨੂੰ ਮੁੱਖ ਰੱਖਦਿਆਂ ਪ੍ਰਤਾਪ ਸਿੰਘ ਬਾਜਵਾ ਤੋਂ ਜਾਣਕਾਰੀ ਮੰਗੀ ਸੀ। ਪਰ ਬਾਜਵਾ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਇਸ ਦੌਰਾਨ 32 ਬੰਬਾਂ ਬਾਰੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਬਾਜਵਾ ਨੇ ਕਿਸੇ ਵੀ ਤਰ੍ਹਾਂ ਦੇ ਪੁਲਿਸ ਜਾਂ ਫੌਜੀ ਸੋਰਸ ਹੋਣ ਤੋਂ ਇਨਕਾਰ ਕੀਤਾ ਹੈ। ਇਸ ਸਭ ਤੋਂ ਬਾਅਦ ਪੁਲਿਸ ਵੱਲੋਂ ਵਿਰੋਧੀ ਧਿਰ ਨੇਤਾ ਉੱਤੇ ਸ਼ਿਕੰਜਾ ਕੱਸੇ ਜਾਣ ਦੀ ਉਮੀਦ ਹੈ।
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਪੁਲਿਸ ਅੱਗੇ ਪੇਸ਼ ਹੋਣ ਮਗਰੋਂ ਦੇਰ ਸ਼ਾਮ ਤਕਰੀਬਨ ਅੱਠ ਵਜੇ ਥਾਣਿਓਂ ਬਾਹਰ ਨਿਕਲੇ। ਪੁਲਿਸ ਵੱਲੋਂ ਇਸ ਮਾਮਲੇ ਵਿਚ ਉਨ੍ਹਾਂ ਤੋਂ ਤਕਰੀਬਨ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ।
ਮੁਹਾਲੀ ਪੁਲਿਸ ਨੇ ਥਾਣੇ ਦੁਆਲੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੋਈ ਸੀ। ਬਾਜਵਾ ਤੋਂ ਬਿਨਾਂ ਕਿਸੇ ਵੀ ਕਾਂਗਰਸ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਰਾਜਾ ਵੜਿੰਗ ਦੀ ਪੁਲਿਸ ਨਾਲ ਬਹਿਸ ਵੀ ਹੋਈ। ਬਾਜਵਾ ਨਾਲ ਸਿਰਫ਼ ਉਨ੍ਹਾਂ ਦੇ ਵਕੀਲਾਂ ਨੂੰ ਨਾਲ ਜਾਣ ਦਿੱਤਾ ਗਿਆ। ਬਾਜਵਾ ਦੇ ਥਾਣੇ ਅੰਦਰ ਜਾਣ ਤੋਂ ਬਾਅਦ ਸਾਰੇ ਆਗੂ ਥਾਣੇ ਦੇ ਬਾਹਰ ਸੜਕ ਕਿਨਾਰੇ ਬੈਠ ਗਏ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹੈਰੀ ਮਾਨ, ਬਾਜਵਾ ਦਾ ਪੁੱਤਰ ਬਿਕਰਮਜੀਤ ਸਿੰਘ ਬਾਜਵਾ, ਰਣਦੀਪ ਸਿੰਘ ਨਾਭਾ, ਆਰੀਅਨ ਬੋਪਾਰਾਏ ਸਮੇਤ ਸੀਨੀਅਰ ਆਗੂ, ਕਾਂਗਰਸ ਦੇ ਸਰਗਰਮ ਵਰਕਰ, ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਅਤੇ ਬਾਜਵਾ ਪਰਿਵਾਰ ਦੇ ਸਮਰਥਕ ਮੌਜੂਦ ਸਨ।
ਥਾਣੇ ਤੋਂ ਬਾਹਰ ਆ ਕੇ ਬਾਜਵਾ ਨੇ ਕਿਹਾ ਕਿ ਅਸੀਂ ਸਰਕਾਰ ਦਾ ਡੱਟ ਕੇ ਸਾਹਮਣਾ ਕੀਤਾ ਹੈ। ਸਾਰੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ। ਜਦੋਂ ਵੀ ਪੁਲਿਸ ਬੁਲਾਵੇਗੀ, ਮੈਂ ਜ਼ਰੂਰ ਆਵਾਂਗਾ।
ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਇੱਕ ਨਿੱਜੀ ਟੀ.ਵੀ. ਚੈਨਲ ‘ਤੇ ਇੰਟਰਵਿਊ ਵਿਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ‘ਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਚੱਲਣੇ ਬਾਕੀ ਹਨ। ਇਸ ਸਬੰਧੀ ਬਾਜਵਾ ਖਿਲਾਫ਼ ਇੱਕ ਮਹਿਲਾ ਸਿਪਾਹੀ ਤਰਨਪ੍ਰੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਧਰ, ਪ੍ਰਤਾਪ ਬਾਜਵਾ ਨੇ ਹੁਣ ਇਨਸਾਫ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਬਾਜਵਾ ਨੇ ਉਨ੍ਹਾਂ ਦੇ ਖਿਲਾਫ਼ ਦਰਜ ਕੀਤੇ ਪਰਚੇ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਤਾਜ਼ਾ ਐੱਫ.ਆਈ.ਆਰ. ਨੂੰ ਸਿਰੇ ਤੋਂ ਖਾਰਜ ਕਰਨ ਦੀ ਮੰਗ ਕੀਤੀ ਹੈ।
ਉੱਧਰ ਬਾਜਵਾ ਨੂੰ ਐੱਫ.ਆਈ.ਆਰ. ਦੀ ਕਾਪੀ ਲੈਣ ਲਈ ਮੁਹਾਲੀ ਅਦਾਲਤ ਦੀ ਸ਼ਰਨ ਲੈਣੀ ਪਈ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਕਾਂਗਰਸ ਆਗੂ ਦੇ ਵਕੀਲਾਂ ਨੂੰ ਐੱਫ.ਆਈ.ਆਰ. ਦੀ ਕਾਪੀ ਮੁਹੱਈਆ ਕੀਤੀ ਗਈ ਸੀ।
32 ਗ੍ਰਨੇਡ ਬਾਰੇ ਬਿਆਨ ਦਾ ਮਾਮਲਾ: ਬਾਜਵਾ ਨੇ ਜਾਂਚ ‘ਚ ਨਹੀਂ ਕੀਤਾ ਸਹਿਯੋਗ!
