-ਪਾਕਿਸਤਾਨ ‘ਚ 4 ਤੇ ਸ੍ਰੀਲੰਕਾ ‘ਚ 9 ਮੈਚ ਖੇਡੇ ਜਾਣਗੇ
ਨਵੀਂ ਦਿੱਲੀ, 15 ਜੂਨ (ਪੰਜਾਬ ਮੇਲ)- ਏਸ਼ੀਆ ਕੱਪ ਬਾਰੇ ਮਹੀਨਿਆਂ ਦੀ ਬੇਯਕੀਨੀ ਖਤਮ ਕਰਦੇ ਹੋਏ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਨੇ ਅੱਜ ਐਲਾਨ ਕੀਤਾ ਕਿ ਟੂਰਨਾਮੈਂਟ 31 ਅਗਸਤ ਤੋਂ 17 ਸਤੰਬਰ ਤੱਕ ਹਾਈਬ੍ਰਿਡ ਮਾਡਲ ‘ਤੇ ਖੇਡਿਆ ਜਾਵੇਗਾ, ਜਿਸ ਦੇ ਚਾਰ ਮੈਚ ਪਾਕਿਸਤਾਨ ‘ਚ ਹੋਣਗੇ ਅਤੇ ਨੌਂ ਸ੍ਰੀਲੰਕਾ ਵਿੱਚ ਹੋਣਗੇ। ਇਕ ਦਿਨਾਂ ਕ੍ਰਿਕਟ ਟੂਰਨਾਮੈਂਟ ਬਾਰੇ ਬੇਯਕੀਨੀ ਪਿਛਲੇ ਹਫਤੇ ਉਦੋਂ ਖਤਮ ਹੋ ਗਈ, ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏ.ਸੀ.ਸੀ. ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ। ਬੀਸੀਸੀਆਈ ਨੇ ਸਾਫ਼ ਤੌਰ ‘ਤੇ ਕਿਹਾ ਸੀ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਸਿਆਸੀ ਤਣਾਅ ਕਾਰਨ ਉਹ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਏ.ਸੀ.ਸੀ. ਨੇ ਬਿਆਨ ‘ਚ ਕਿਹਾ, ‘ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਏਸ਼ੀਆ ਕੱਪ 2023 ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਦੇ ਨਾਲ 31 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਵੇਗਾ।’ ਟੂਰਨਾਮੈਂਟ ਹਾਈਬ੍ਰਿਡ ਮਾਡਲ ‘ਤੇ ਖੇਡਿਆ ਜਾਵੇਗਾ, ਜਿਸ ‘ਚ ਚਾਰ ਮੈਚ ਪਾਕਿਸਤਾਨ ‘ਚ ਅਤੇ ਬਾਕੀ ਨੌਂ ਸ੍ਰੀਲੰਕਾ ‘ਚ ਖੇਡੇ ਜਾਣਗੇ। ਇਸ ਸੀਜ਼ਨ ਵਿੱਚ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ ਅਤੇ ਹਰੇਕ ਗਰੁੱਪ ਵਿੱਚੋਂ ਸਿਖਰਲੀਆਂ ਦੋ ਟੀਮਾਂ ਆਖਰੀ ਚਾਰ ਗੇੜ ਵਿੱਚ ਪਹੁੰਚਣਗੀਆਂ। ਇਸ ਵਿਚੋਂ ਦੋ ਟੀਮਾਂ ਫਾਈਨਲ ਖੇਡਣਗੀਆਂ। ਪਾਕਿਸਤਾਨ ਦੇ ਮੈਚ ਲਾਹੌਰ ਵਿੱਚ ਹੋਣਗੇ, ਜਦਕਿ ਸ੍ਰੀਲੰਕਾ ਦੇ ਮੈਚ ਕੈਂਡੀ ਅਤੇ ਪੱਲੇਕੇਲੇ ਵਿੱਚ ਹੋਣਗੇ। ਇਸ ਨਾਲ ਅਕਤੂਬਰ-ਨਵੰਬਰ ‘ਚ ਹੋਣ ਵਾਲੇ ਇਕ ਦਿਨਾਂ ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਦਾ ਆਉਣਾ ਵੀ ਤੈਅ ਹੋ ਗਿਆ ਹੈ। ਦੋਵੇਂ ਟੀਮਾਂ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਲੀਗ ਪੜਾਅ ਵਿੱਚ ਖੇਡ ਸਕਦੀਆਂ ਹਨ।