ਵਾਪਸ ਆਉਂਦੇ ਸਮੇਂ ਇਸ ਜਹਾਜ਼ ‘ਚ 276 ਭਾਰਤੀ ਸਵਾਰ ਸਨ, ਜਦਕਿ ਬਾਕੀਆਂ ਨੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਫਰਾਂਸ ਸਰਕਾਰ ਕੋਲ ਪਨਾਹ ਦੇਣ ਦੀ ਅਪੀਲ ਕੀਤੀ ਸੀ। ਫਰਾਂਸ ਅਧਿਕਾਰੀਆਂ ਮੁਤਾਬਕ ਇਹ ਲੋਕ ਨਿਕਾਰਾਗੁਆ ਦੇ ਰਸਤਿਓਂ ਅਮਰੀਕਾ ਤੇ ਕੈਨੇਡਾ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਨਿਕਲੇ ਸਨ। ਇਸੇ ਕਾਰਨ ਉਨ੍ਹਾਂ ਨੇ ਜਹਾਜ਼ ਦੇ ਯਾਤਰੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ।
ਇਸ ਦੌਰਾਨ ਉਸੇ ਜਹਾਜ਼ ‘ਚ ਵਾਪਸ ਆਏ ਇਕ ਨੌਜਵਾਨ ਨਾਲ ਪੱਤਰਕਾਰ ਨੇ ਗੱਲਬਾਤ ਕੀਤੀ। ਨੌਜਵਾਨ ਨੇ ਦੱਸਿਆ ਕਿ ਉਸ ਜਹਾਜ਼ ‘ਚ ਸਿਰਫ਼ ਪੰਜਾਬੀ ਹੀ ਨਹੀਂ ਸਨ, ਸਗੋਂ ਗੁਜਰਾਤ, ਦਿੱਲੀ ਤੇ ਹੋਰਨਾਂ ਸੂਬਿਆਂ ਦੇ ਲੋਕ ਵੀ ਸ਼ਾਮਲ ਸਨ। ਉਸ ਨੇ ਦੱਸਿਆ ਕਿ ਉਹ ਨਿਕਾਰਾਗੁਆ ਘੁੰਮਣ ਲਈ ਗਏ ਸਨ, ਨਾ ਕਿ ਡੌਂਕੀ ਲਾ ਕੇ ਅਮਰੀਕਾ ਜਾਣ ਲਈ।