#INDIA

3 ਸੂਬਿਆਂ ‘ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ‘ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ

ਜਲੰਧਰ, 6 ਦਸੰਬਰ (ਪੰਜਾਬ ਮੇਲ)- 3 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿੱਥੇ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿਚ ਅਪ੍ਰੈਲ ‘ਚ ਖਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ 12 ਸੀਟਾਂ ‘ਚੋਂ 7 ਸੀਟਾਂ ਬਿਨਾਂ ਤਬਦੀਲੀ ਬਣਾਈ ਰੱਖਣ ‘ਚ ਮਦਦ ਮਿਲੇਗੀ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਨੂੰ ਵੇਖਦਿਆਂ ਕਾਂਗਰਸ ਵੀ ਆਪਣੀਆਂ 2 ਸੀਟਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਬਰਕਰਾਰ ਰੱਖੇਗੀ। ਕਾਂਗਰਸ ਨੂੰ ਤੇਲੰਗਾਨਾ ‘ਚ 2 ਵਾਧੂ ਸੀਟਾਂ ਮਿਲਣਗੀਆਂ, ਜਿਨ੍ਹਾਂ ‘ਤੇ ਇਸ ਵੇਲੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦਾ ਕਬਜ਼ਾ ਹੈ। ਤੇਲੰਗਾਨਾ ‘ਚ ਰਾਜ ਸਭਾ ਦੀਆਂ 3 ਸੀਟਾਂ ਖਾਲੀ ਹੋਣਗੀਆਂ।
ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲੇ ਪ੍ਰਮੁੱਖ ਨੇਤਾਵਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਚੌਗਿਰਦਾ ਮੰਤਰੀ ਭੁਪਿੰਦਰ ਯਾਦਵ ਰਾਜਸਥਾਨ ਦੀ ਨੁਮਾਇੰਦਗੀ ਕਰਦੇ ਹਨ, ਜਦੋਂਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਪ੍ਰੈਲ 2024 ‘ਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਸੇਵਾਮੁਕਤ ਹੋਣਗੇ।
ਰਿਪੋਰਟ ਮੁਤਾਬਕ 3 ਸੂਬਿਆਂ ਵਿਚ ਜਿੱਤ ਨਾਲ ਭਾਜਪਾ ਨੂੰ ਉੱਚ ਸਦਨ ‘ਚ ਜਲਦ ਮਦਦ ਨਹੀਂ ਮਿਲਣ ਵਾਲੀ ਕਿਉਂਕਿ ਸੱਤਾਧਾਰੀ ਐੱਨ.ਡੀ.ਏ. ਕੋਲ ਅਜੇ ਵੀ ਬਹੁਮਤ ਦਾ ਅੰਕੜਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਆਖਰ 2026 ਅਤੇ 2028 ‘ਚ ਦੋ ਸਾਲਾ ਰਾਜ ਸਭਾ ਚੋਣਾਂ ਤੋਂ ਬਾਅਦ ਆਪਣੀਆਂ ਸੀਟਾਂ ਵਧਾ ਸਕਦੀ ਹੈ। ਇਸੇ ਤਰ੍ਹਾਂ ਕਾਂਗਰਸ ਦੀਆਂ ਸੀਟਾਂ ਵੀ ਵਧਣ ਦੀ ਸੰਭਾਵਨਾ ਹੈ।
ਮੱਧ ਪ੍ਰਦੇਸ਼ ‘ਚ 11 ਰਾਜ ਸਭਾ ਸੀਟਾਂ ਹਨ, ਜਦਕਿ ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ‘ਚ ਕ੍ਰਮਵਾਰ 10, 7 ਅਤੇ 5 ਸੀਟਾਂ ਹਨ। ਮੱਧ ਪ੍ਰਦੇਸ਼ ‘ਚ ਭਾਜਪਾ ਕੋਲ ਫਿਲਹਾਲ 8 ਸੀਟਾਂ ਹਨ ਅਤੇ ਬਾਕੀ 3 ਕਾਂਗਰਸ ਕੋਲ ਹਨ। ਰਾਜਸਥਾਨ ‘ਚ ਕਾਂਗਰਸ ਕੋਲ 6 ਅਤੇ ਭਾਜਪਾ ਕੋਲ 4 ਸੀਟਾਂ ਹਨ, ਜਦੋਂਕਿ ਛੱਤੀਸਗੜ੍ਹ ‘ਚ ਕਾਂਗਰਸ ਕੋਲ 4 ਅਤੇ ਭਾਜਪਾ ਕੋਲ ਇਕ ਸੀਟ ਹੈ।
245 ਮੈਂਬਰੀ ਸਦਨ ਵਿਚ 6 ਸੀਟਾਂ ਖਾਲੀ ਹਨ। ਰਾਜ ਸਭਾ ਦੇ ਇਸ ਵੇਲੇ 239 ਮੈਂਬਰ ਹਨ। 94 ਐੱਮ. ਪੀਜ਼ ਦੇ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ। ਉਸ ਤੋਂ ਬਾਅਦ ਕਾਂਗਰਸ ਦੇ 30 ਐੱਮ.ਪੀ. ਅਤੇ ਤ੍ਰਿਣਮੂਲ ਕਾਂਗਰਸ ਦੇ 13 ਮੈਂਬਰ ਹਨ। ਸਦਨ ਵਿਚ ‘ਆਪ’ ਤੇ ਡੀ.ਐੱਮ.ਕੇ. ਦੇ 10-10 ਮੈਂਬਰ ਹਨ। ਬੀਜੂ ਜਨਤਾ ਦਲ (ਬੀਜਦ) ਅਤੇ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੇ 9-9, ਬੀ.ਆਰ.ਐੱਸ. ਦੇ 7 ਐੱਮ.ਪੀ., ਰਾਸ਼ਟਰੀ ਜਨਤਾ ਦਲ ਦੇ 6 ਅਤੇ ਜਨਤਾ ਦਲ (ਯੂਨਾਈਟਿਡ) ਅਤੇ ਸੀ.ਪੀ.ਐੱਮ. ਦੇ 5-5 ਐੱਮ.ਪੀ. ਸ਼ਾਮਲ ਹਨ।