#CANADA

3.94 ਲੱਖ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਕੀਤੀ ਹਾਸਲ

-ਨਵੇਂ ਬਣੇ ਕੈਨੇਡੀਅਨ ਨਾਗਰਿਕਾਂ ਵਿਚੋਂ ਸਭ ਤੋਂ ਅੱਗੇ ਰਹੇ ਭਾਰਤੀ
ਸਰੀ, 15 ਮਈ (ਪੰਜਾਬ ਮੇਲ)- ਕੈਨੇਡਾ ਵਿਚ ‘ਸਿਟੀਜ਼ਨਸ਼ਿਪ ਵੀਕ’ ਆਰੰਭ ਹੋ ਚੁੱਕਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 31 ਮਾਰਚ 2024 ਦਰਮਿਆਨ 393,500 ਪ੍ਰਵਾਸੀਆਂ ਨੇ ਮੁਲਕ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਭਾਰਤੀ ਰਹੇ। ਇਮੀਗ੍ਰੇਸ਼ਨ ਮੰਤਰੀ ਨੇ ਨਾਗਰਿਕਤਾ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਸ਼ਹਿਰਾਂ ਵਿਚ ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ।
ਸਰੀ ਵਿਖੇ 40 ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਉਂਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕਮਿਊਨਿਟੀ ਲਗਾਤਾਰ ਵਧ-ਫੁੱਲ ਰਹੀ ਹੈ ਅਤੇ ਹਰ ਕੈਨੇਡੀਅਨ ਸਿਟੀਜ਼ਨ ਨੂੰ ਨਵੇਂ ਨਾਗਰਿਕਾਂ ਦਾ ਜ਼ੋਰਦਾਰ ਸਵਾਗਤ ਕਰਨਾ ਚਾਹੀਦਾ ਹੈ। ਪ੍ਰਵਾਸੀ ਆਪਣੇ ਸੁਪਨੇ ਸੱਚ ਕਰਨ ਦੇ ਮਕਸਦ ਨਾਲ ਕੈਨੇਡਾ ਆਉਂਦੇ ਹਨ ਅਤੇ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਜ਼ਿੰਦਗੀ ਪਹਿਲਾਂ ਵਾਲੇ ਪੱਧਰ ‘ਤੇ ਹੀ ਠਹਿਰ ਜਾਵੇ। ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਣ ਵਾਲੇ ਪ੍ਰਵਾਸੀ ਤਰੱਕੀ ਕਰਨਗੇ, ਤਾਂ ਸਾਡਾ ਮੁਲਕ ਵਿਚ ਅੱਗੇ ਵਧੇਗਾ।
ਤਕਰੀਬਨ ਦੋ ਘੰਟੇ ਤੱਕ ਚੱਲੇ ਸਮਾਗਮ ਦੌਰਾਨ ਸਰੀ-ਨਿਊਟਨ ਤੋਂ ਐੱਮ.ਪੀ. ਸੁਖ ਧਾਲੀਵਾਲ ਨੇ ਕਿਹਾ ਕਿ ਨਵੇਂ ਬਣੇ ਨਾਗਰਿਕਾਂ ਦੀ ਜ਼ਿੰਦਗੀ ਲਈ ਇਹ ਦਿਨ ਬੇਹੱਦ ਖਾਸ ਹੈ ਅਤੇ 1987 ਵਿਚ ਉਨ੍ਹਾਂ ਨੂੰ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋਈ। ਸੁਖ ਧਾਲੀਵਾਲ ਨੇ ਅੱਗੇ ਕਿਹਾ ਕਿ ਕੈਨੇਡੀਅਨ ਸਿਟੀਜ਼ਨ ਵਜੋਂ ਸਹੁੰ ਚੁੱਕਣੀ ਲਾਜ਼ਮੀ ਹੈ ਪਰ ਇਸ ਦੀ ਅਹਿਮੀਅਤ ਲਫਜ਼ਾਂ ਤੋਂ ਕਿਤੇ ਉਪਰ ਹੈ। ਬਤੌਰ ਕੈਨੇਡੀਅਨ ਨਾਗਰਿਕ ਹਰ ਸ਼ਖਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਪ੍ਰਤੀ ਵਚਨਬੱਧ ਹੁੰਦਾ ਹੈ ਅਤੇ ਵੰਨ ਸੁਵੰਨੇ ਸੱਭਿਆਚਾਰ ਵਾਲੇ ਲੋਕਤੰਤਰੀ ਮੁਲਕ ਵਿਚ ਉਸ ਨੂੰ ਹਰ ਹੱਕ ਮਿਲ ਜਾਂਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 4 ਲੱਖ 85 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ 2025 ਵਿਚ ਇਹ ਅੰਕੜਾ 5 ਲੱਖ ਤੋਂ ਟੱਪ ਜਾਵੇਗਾ। ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ, ਤਾਂ 2022-23 ਦੌਰਾਨ 3 ਲੱਖ 74 ਹਜ਼ਾਰ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ 59,503 ਦੇ ਅੰਕੜੇ ਨਾਲ ਭਾਰਤੀ ਸਭ ਤੋਂ ਅੱਗੇ ਰਹੇ। ਫਿਲੀਪੀਨਜ਼ ਨਾਲ ਸਬੰਧਤ 41,540 ਪ੍ਰਵਾਸੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ, ਜਦਕਿ ਰਫਿਊਜੀ ਦੇ ਰੂਪ ਵਿਚ ਸੀਰੀਆ ਤੋਂ ਆਏ 20,355 ਜਣੇ ਕੈਨੇਡੀਅਨ ਸਿਟੀਜ਼ਨ ਬਣ ਗਏ।
ਤਾਜ਼ਾ ਅੰਕੜਿਆਂ ‘ਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਮੁਲਕਾਂ ਦੇ ਆਧਾਰ ‘ਤੇ ਵੇਰਵੇ ਨਸ਼ਰ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਬਾਜ਼ੀ ਭਾਰਤੀ ਲੋਕਾਂ ਦੇ ਹੱਥ ਰਹੀ। ਦੂਜੇ ਪਾਸੇ 32 ਸਾਲ ਪਹਿਲਾਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਵਾਲੀ ਇਕ ਔਰਤ ਦੀ ਸਿਟੀਜ਼ਨਸ਼ਿਪ ਰੱਦ ਕਰ ਦਿਤੀ ਗਈ। ਓਨਟਾਰੀਓ ਦੇ ਅਜੈਕਸ ਵਿਖੇ ਰਹਿ ਰਹੀ ਐਰੀਅਲ ਟਾਊਨਸੈਂਡ ਨੇ 1992 ਵਿਚ ਸਿਟੀਜ਼ਨਸ਼ਿਪ ਹਾਸਲ ਕੀਤੀ ਪਰ ਇਮੀਗ੍ਰੇਸ਼ਨ ਵਿਭਾਗ ਦੇ ਫ਼ੈਸਲੇ ਮੁਤਾਬਕ ਉਸ ਨੂੰ ਗ਼ਲਤੀ ਨਾਲ ਕੈਨੇਡੀਅਨ ਨਾਗਰਿਕਤਾ ਮਿਲ ਗਈ। ਐਰੀਅਲ ਨੂੰ ਮੁੜ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਹਜ਼ਾਰਾਂ ਡਾਲਰ ਖਰਚ ਕਰਨੇ ਪੈ ਸਕਦੇ ਹਨ।