ਬਰੈਂਪਟਨ/ਤਰਨਤਾਰਨ, 25 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਸਰਤਾਜ ਸਿੰਘ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੇਊ ਬਾਠ ਦਾ ਰਹਿਣ ਵਾਲਾ ਸੀ।
ਸਰਤਾਜ ਸਿੰਘ ਦੀ ਸੜਕ ਹਾਦਸੇ ਦੀ ਖਬਰ ਸੁਣਦਿਆਂ ਹੀ ਪਰਿਵਾਰਕ ਮੈਂਬਰਾਂ ਰੋ-ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਭਾਰਤ ਜਲਦ ਮੰਗਵਾਉਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੌੜ ਪਈ।
ਰੋਂਦੇ ਹੋਏ ਮ੍ਰਿਤਕ ਸਰਤਾਜ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਚੱਲਦਿਆਂ ਉਸ ਦਾ ਪੁੱਤਰ ਲਗਭਗ 3 ਮਹੀਨੇ ਪਹਿਲਾਂ ਬਰੈਂਪਟਨ ਗਿਆ ਸੀ। ਉਨ੍ਹਾਂ ਨੂੰ ਮੋਬਾਇਲ ਫ਼ੋਨ ‘ਤੇ ਆਈ ਕਾਲ ਦੌਰਾਨ ਜਾਣਕਾਰੀ ਮਿਲੀ ਕਿ ਸਰਤਾਜ ਸਿੰਘ ਢਿੱਲੋਂ ਜਦੋਂ ਕਾਲਜ ਪੜ੍ਹਾਈ ਕਰਨ ਉਪਰੰਤ ਘਰ ਆ ਕੇ ਦੋਸਤਾਂ ਨਾਲ ਘੁੰਮਣ ਲਈ ਰਵਾਨਾ ਹੋਇਆ, ਤਾਂ ਉਸ ਦੀ ਕਾਰ ਚੱਕਰਵਾਤੀ ਤੂਫ਼ਾਨ ‘ਚ ਫੱਸ ਗਈ ਤੇ ਸੜਕ ਦੇ ਦੂਜੇ ਪਾਸੇ ਚਲੀ ਗਈ।
ਇਸ ਦੌਰਾਨ ਕਾਰ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਵਾਹਨ ਨਾਲ ਟਕਰਾ ਗਈ। ਹਾਦਸੇ ‘ਚ ਗੰਭੀਰ ਜ਼ਖ਼ਮੀ ਸਰਤਾਜ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ।