-‘ਗੁਪਤ ਵੋਟਿੰਗ’ ਦੀ ਥਾਂ ਹੁਣ ‘ਹੱਥ ਖੜ੍ਹੇ’ ਕਰਕੇ ਚੁਣਿਆ ਜਾਵੇਗਾ ਮੇਅਰ’
ਚੰਡੀਗੜ੍ਹ, 2 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਅਹਿਮ ਪੋਸਟਾਂ ਲਈ ਚੋਣਾਂ 29 ਜਨਵਰੀ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਸਭ ਤੋਂ ਵੱਡੀ ਤਬਦੀਲੀ ਵੋਟਿੰਗ ਪ੍ਰਣਾਲੀ ਵਿਚ ਕੀਤੀ ਗਈ ਹੈ, ਜਿੱਥੇ ਗੁਪਤ ਵੋਟਿੰਗ ਦੀ ਬਜਾਏ ਹੁਣ ‘ਹੱਥ ਖੜ੍ਹੇ’ ਕਰਕੇ ਵੋਟ ਪਾਉਣ ਦਾ ਸਿਸਟਮ ਲਾਗੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਇਸ ਨਵੀਂ ਪ੍ਰਕਿਰਿਆ ਲਈ ਵਿਸ਼ੇਸ਼ ਐੱਸ.ਓ.ਪੀਜ਼ ਜਾਰੀ ਕੀਤੇ ਹਨ, ਜਿਸ ਤਹਿਤ ਕੌਂਸਲਰਾਂ ਨੂੰ ਆਪਣੇ ਉਮੀਦਵਾਰ ਦੇ ਹੱਕ ਵਿਚ ਸਪੱਸ਼ਟ ਤੌਰ ‘ਤੇ ਹੱਥ ਖੜ੍ਹੇ ਕਰਨੇ ਪੈਣਗੇ। ਨਾਮਜ਼ਦ ਕੌਂਸਲਰ ਡਾ. ਰਮਨੀਕ ਸਿੰਘ ਬੇਦੀ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜੋ ਕਾਨੂੰਨੀ ਮਰਿਆਦਾ ਅਨੁਸਾਰ ਚੋਣ ਸੰਪੰਨ ਕਰਵਾਉਣਗੇ।
ਚੋਣ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਸਾਰੀ ਕਾਰਵਾਈ ਦੀ ਬਿਨਾਂ ਕਿਸੇ ਕੱਟ-ਵੱਢ ਦੇ ਲਗਾਤਾਰ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਇਸ ਰਿਕਾਰਡ ਨੂੰ 90 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾਵੇਗਾ।
ਸੁਰੱਖਿਆ ਦੇ ਲਿਹਾਜ਼ ਨਾਲ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਕੌਂਸਲਰ ਆਪਣੇ ਨਾਲ ਬਾਹਰਲੇ ਸੂਬਿਆਂ ਦੇ ਸੁਰੱਖਿਆ ਕਰਮੀ ਜਾਂ ਸਮਰਥਕ ਨਹੀਂ ਲਿਆ ਸਕੇਗਾ।
ਚੰਡੀਗੜ੍ਹ ਪੁਲਿਸ ਨੂੰ ਨਿਗਮ ਭਵਨ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅੱਜ ਖੁਦ ਨਿਗਮ ਦਫ਼ਤਰ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।
29 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ

