ਸੈਕਰਾਮੈਂਟੋ, 18 ਦਸੰਬਰ (ਹੁਸਨ/ਨੀਟਾ/ਕੁਲਵੰਤ/ਪੰਜਾਬ ਮੇਲ)- ਫਰਿਜ਼ਨੋ ਸ਼ਹਿਰ ਵਿਚ ਹੋਈ ਮੰਦਭਾਗੀ ਘਟਨਾ ਨੇ ਪੰਜਾਬੀ ਭਾਈਚਾਰਾ ਨੂੰ ਉਦੋਂ ਗਹਿਰੇ ਸਦਮੇ ‘ਚ ਪਾ ਦਿੱਤਾ, ਜਦੋਂ ਸ਼ਾਮ 8 ਵਜੇ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ‘ਤੇ ਮੋਟਰਸਾਈਕਲ ਐਕਸੀਡੈਂਟ ਵਿਚ ਦੋ ਗੁਰਸਿੱਖ ਪੰਜਾਬੀਆਂ ਦੀ ਇੱਕ ਮੋਟਰਸਾਈਕਲ ਐਕਸੀਡੈਂਟ ‘ਚ ਮੌਤ ਹੋ ਗਈ। ਇਸ ਘਟਨਾ ‘ਚ ਮਾਰੇ ਗਏ ਦੋਵੇਂ ਨੌਜਵਾਨ ਅੰਤਰਪ੍ਰੀਤ ਸਿੰਘ ਪੁੱਤਰ ਸ. ਖੁਸ਼ਪਾਲ ਸਿੰਘ ਅਤੇ ਸਵ. ਹਰਜਾਪ ਸਿੰਘ ਪੁੱਤਰ ਸ. ਰਾਜੂ ਸਿੰਘ ਦੀ ਉਮਰ 13 ਤੋਂ 15 ਸਾਲ ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਪਤਾ ਲੱਗਾ ਹੈ ਕਿ ਦੋਨੋਂ ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਨਿਕਲੇ ਅਤੇ ਐਮਾਜੌਨ ਦੀ ਵੈਨ ਨਾਲ ਜਾ ਟਕਰਾਏ। ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਦੋਵੇਂ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ। ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ‘ਤੇ ਸਥਾਨਕ ਸੰਗਤਾਂ ਵੱਲੋਂ ਜਾਪ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਰਕੇ ਸਥਾਨਕ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ। ਦੋਨਾਂ ਪਰਿਵਾਰਾਂ ਮੁਤਾਬਕ ਇਨ੍ਹਾਂ ਦੋਵਾਂ ਨੌਜੁਆਨਾਂ ਦਾ ਇਸ ਹਫਤੇ ਸੰਸਕਾਰ ਕਰ ਦਿੱਤਾ ਜਾਵੇਗਾ।