#AMERICA

27 ਸਾਲਾਂ ਦੀ ਕੈਰੋਲਿਨ ਲੇਵਿਟ ਹੋਵੇਗੀ ਵ੍ਹਾਈਟ ਹਾਊਸ ਦੀ ਨਵੀਂ ਪ੍ਰੈੱਸ ਸਕੱਤਰ

ਟਰੰਪ ਦੇ ਆਪਣੇ ਪਹਿਲੇ ਕਾਰਜਕਾਲ ਵਿਚ ਸਨ 4 ਪ੍ਰੈੱਸ ਸਕੱਤਰ
ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। 27 ਸਾਲਾ ਲੇਵਿਟ, ਜੋ ਵਰਤਮਾਨ ‘ਚ ਟਰੰਪ ਦੀ ਸਪੋਕਸਮੈਨ ਹੈ, ਅਮਰੀਕੀ ਇਤਿਹਾਸ ‘ਚ ਵ੍ਹਾਈਟ ਹਾਊਸ ਦੀ ਸਭ ਤੋਂ ਛੋਟੀ ਉਮਰ ਦੀ ਪ੍ਰੈੱਸ ਸਕੱਤਰ ਹੋਵੇਗੀ।
ਇਸ ਤੋਂ ਪਹਿਲਾਂ ਇਹ ਰਿਕਾਰਡ ਰੋਨਾਲਡ ਜ਼ੀਗਲਰ ਦੇ ਕੋਲ ਸੀ, ਜੋ 29 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਰਿਚਰਡ ਨਿਕਸਨ ਦੇ ਕਾਰਜਕਾਲ ਦੌਰਾਨ 1969 ‘ਚ ਇਹ ਅਹੁਦਾ ਸੰਭਾਲਿਆ ਸੀ। ਟਰੰਪ ਨੇ ਇਕ ਬਿਆਨ ਜਾਰੀ ਕਰਕੇ ਕੈਰੋਲਿਨ ਦੀ ਤਾਰੀਫ਼ ਕੀਤੀ ਅਤੇ ਉਮੀਦ ਜਤਾਈ ਕਿ ਉਹ ਪਹਿਲਾਂ ਵਾਂਗ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ।
ਟਰੰਪ ਨੇ ਕਿਹਾ, ”ਕੈਰੋਲਿਨ ਲੇਵਿਟ ਨੇ ਮੇਰੀ ਇਤਿਹਾਸਕ ਮੁਹਿੰਮ ਵਿਚ ਰਾਸ਼ਟਰੀ ਪ੍ਰੈੱਸ ਸਕੱਤਰ ਦੇ ਤੌਰ ‘ਤੇ ਸ਼ਾਨਦਾਰ ਕੰਮ ਕੀਤਾ ਅਤੇ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਹ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਦੇ ਤੌਰ ‘ਤੇ ਕੰਮ ਕਰੇਗੀ। ਕੈਰੋਲਿਨ ਚੁਸਤ, ਸਖ਼ਤ, ਅਤੇ ਇਕ ਬਹੁਤ ਪ੍ਰਭਾਵਸ਼ਾਲੀ ਸੰਚਾਰਕ ਸਾਬਤ ਹੋਈ ਹੈ। ਮੈਨੂੰ ਭਰੋਸਾ ਹੈ ਕਿ ਉਹ ਪੋਡੀਅਮ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਅਮਰੀਕੀ ਲੋਕਾਂ ਤੱਕ ਸਾਡਾ ਸੰਦੇਸ਼ ਪਹੁੰਚਾਉਣ ਵਿਚ ਮਦਦ ਕਰੇਗੀ, ਕਿਉਂਕਿ ਅਸੀਂ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।”
ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਆਮ ਤੌਰ ‘ਤੇ ਪ੍ਰਸ਼ਾਸਨ ਦੇ ਜਨਤਕ ਚਿਹਰੇ ਵਜੋਂ ਕੰਮ ਕਰਦਾ ਹੈ ਅਤੇ ਇਤਿਹਾਸਕ ਤੌਰ ‘ਤੇ ਪ੍ਰੈੱਸ ਕੋਰ ਲਈ ਰੋਜ਼ਾਨਾ ਬ੍ਰੀਫਿੰਗਾਂ ਦਾ ਆਯੋਜਨ ਕਰਦਾ ਹੈ। ਟਰੰਪ ਨੇ ਖੁਦ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁੱਖ ਬੁਲਾਰੇ ਵਜੋਂ ਕੰਮ ਕਰਨ ਨੂੰ ਤਰਜੀਹ ਦਿੱਤੀ। ਟਰੰਪ ਦੇ 2017 ਤੋਂ 2021 ਤੱਕ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਚਾਰ ਪ੍ਰੈੱਸ ਸਕੱਤਰ ਸਨ, ਪਰ ਉਹ ਅਕਸਰ ਆਪਣੀਆਂ ਰੈਲੀਆਂ, ਸੋਸ਼ਲ ਮੀਡੀਆ ਪੋਸਟਾਂ ਅਤੇ ਆਪਣੀਆਂ ਬ੍ਰੀਫਿੰਗਾਂ ਰਾਹੀਂ ਜਨਤਾ ਨਾਲ ਸਿੱਧੇ ਤੌਰ ‘ਤੇ ਜੁੜਨ ਨੂੰ ਤਰਜੀਹ ਦਿੰਦੇ ਸਨ।