#INDIA

26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਦਿੱਲੀ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ। ਉਸ ਨੂੰ ਕੂਟਨੀਤਿਕ ਪ੍ਰਕਿਰਿਆਵਾਂ ਰਾਹੀਂ ਭਾਰਤ ਹਵਾਲੇ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਹ 26/11 ਦੇ ਮੁੰਬਈ ਹਮਲਿਆਂ ਵਿਚ ਸ਼ਾਮਲ ਸੀ। ਅਗਸਤ 2024 ਵਿਚ ਅਮਰੀਕੀ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਇਆ ਸੀ। ਅਦਾਲਤ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਉਸ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਸੀ। ਹੁਣ ਰਾਣਾ ਨੂੰ ਜਲਦ ਭਾਰਤ ਲਿਆਉਣ ਦੀ ਮੁਹਿੰਮ ਤੇਜ਼ ਹੋ ਗਈ ਹੈ।
ਅਮਰੀਕਾ ਦੀ ਅਦਾਲਤ ਨੇ ਮੁੰਬਈ ਹਮਲੇ ਵਿਚ ਸ਼ਾਮਲ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਨਾ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਾਰਤ ਨੇ ਰਾਣਾ ਖਿਲਾਫ ਪੁਖਤਾ ਸਬੂਤ ਪੇਸ਼ ਕੀਤੇ ਹਨ। ਮੁੰਬਈ ਪੁਲਿਸ ਨੇ 26/11 ਹਮਲੇ ਦੇ ਮਾਮਲੇ ਵਿਚ ਰਾਣਾ ਦਾ ਨਾਂ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਸੀ। ਉਸ ‘ਤੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸਰਗਰਮ ਮੈਂਬਰ ਹੋਣ ਦਾ ਦੋਸ਼ ਹੈ।
ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਤਹੱਵੁਰ ਰਾਣਾ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕੀਤੀ ਸੀ, ਜਿਸ ਨੇ ਹਮਲੇ ਲਈ ਮੁੰਬਈ ‘ਚ ਨਿਸ਼ਾਨੇ ਦੀ ਰੇਕੀ ਕੀਤੀ ਸੀ। ਅਦਾਲਤ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ‘ਚ ਗੈਰ-ਬਿਸ ਆਈਡਮ ਹੈ। ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਦੋਸ਼ੀ ਨੂੰ ਪਹਿਲਾਂ ਹੀ ਉਸੇ ਜੁਰਮ ਤੋਂ ਦੋਸ਼ੀ ਠਹਿਰਾਇਆ ਜਾਂ ਬਰੀ ਕਰ ਦਿੱਤਾ ਗਿਆ ਹੋਵੇ। ਭਾਰਤ ਵਿਚ ਰਾਣਾ ਦੇ ਖਿਲਾਫ ਦੋਸ਼ ਅਮਰੀਕੀ ਅਦਾਲਤਾਂ ਵਿਚ ਦਾਇਰ ਕੀਤੇ ਗਏ ਦੋਸ਼ਾਂ ਤੋਂ ਵੱਖਰੇ ਹਨ, ਇਸ ਲਈ ਆਈ. ਡੀ. ਐੱਮ. ਅਪਵਾਦ ਵਿਚ ਗੈਰ-ਬੀ.ਆਈ.ਐੱਸ. ਲਾਗੂ ਨਹੀਂ ਹੁੰਦਾ। 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਲਗਭਗ ਇਕ ਸਾਲ ਬਾਅਦ ਰਾਣਾ ਨੂੰ ਐੱਫ.ਬੀ.ਆਈ. ਨੇ ਸ਼ਿਕਾਗੋ ‘ਚ ਗ੍ਰਿਫਤਾਰ ਕੀਤਾ ਸੀ।
ਤਹੱਵੁਰ ਰਾਣਾ ਅਤੇ ਉਸ ਦੇ ਸਾਥੀ ਡੇਵਿਡ ਕੋਲਮੈਨ ਹੈਡਲੀ ਨੇ ਮਿਲ ਕੇ ਮੁੰਬਈ ਹਮਲੇ ਦੇ ਨਿਸ਼ਾਨੇ ਲੱਭ ਕੇ ਪਾਕਿਸਤਾਨੀ ਅੱਤਵਾਦੀਆਂ ਲਈ ਬਲੂਪ੍ਰਿੰਟ ਤਿਆਰ ਕੀਤਾ ਸੀ। ਰਾਣਾ ਇਸ ਸਮੇਂ ਲਾਸ ਏਂਜਲਸ ਜੇਲ੍ਹ ਵਿਚ ਹੈ। ਅਮਰੀਕਾ ‘ਚ ਰਾਣਾ ਨੂੰ ਉਸ ‘ਤੇ ਲੱਗੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ ਪਰ ਭਾਰਤ ਦੀ ਹਵਾਲਗੀ ਪਟੀਸ਼ਨ ਕਾਰਨ ਉਸ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ।