#INDIA

26/11 ਮੁੰਬਈ ਅੱਤਵਾਦੀ ਹਮਲਾ: ਐੱਨ.ਆਈ.ਏ. ਵੱਲੋਂ ਤਹੱਵੁਰ ਰਾਣਾ ਤੋਂ 3 ਘੰਟੇ ਪੁੱਛ-ਗਿੱਛ

-ਜ਼ਿਆਦਾਤਰ ਸਵਾਲਾਂ ਦੇ ਜਵਾਬ ‘ਯਾਦ ਨਹੀਂ ਜਾਂ ਪਤਾ ਨਹੀਂ’ ਕਹਿ ਕੇ ਟਾਲੇ
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ 18 ਸਾਲ ਬਾਅਦ ਭਾਰਤ ਹਵਾਲੇ ਕੀਤਾ ਗਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਰਾਣਾ ਤੋਂ ਲਗਭਗ 3 ਘੰਟੇ ਤੱਕ ਪੁੱਛ-ਗਿੱਛ ਕੀਤੀ। ਇਹ ਪੁੱਛ-ਗਿੱਛ ਦਾ ਪਹਿਲਾ ਦਿਨ ਸੀ। ਇਸ ਦੌਰਾਨ ਰਾਣਾ ਨੇ ਐੱਨ. ਆਈ. ਦੇ ਅਧਿਕਾਰੀਆਂ ਨੂੰ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਾਂਚ ਏਜੰਸੀਆਂ ਦੇ ਸੂਤਰਾਂ ਮੁਤਾਬਕ ਤਹੱਵੁਰ ਰਾਣਾ ਤੋਂ ਐੱਨ.ਆਈ.ਏ. ਕਸਟਡੀ ਦੇ ਪਹਿਲੇ ਦਿਨ ਸਿਰਫ 3 ਘੰਟੇ ਪੁੱਛ-ਗਿੱਛ ਕਰ ਸਕੀ। ਰਾਣਾ ਨੇ ਐੱਨ.ਆਈ.ਏ. ਅਧਿਕਾਰੀਆਂ ਦੇ ਸਵਾਲਾਂ ਦੇ ਜ਼ਿਆਦਾਤਰ ਜਵਾਬ ‘ਪਤਾ ਨਹੀਂ’ ਜਾਂ ‘ਯਾਦ ਨਹੀਂ’ ਕਹਿ ਕੇ ਟਾਲ ਦਿੱਤੇ। ਪੁੱਛ-ਗਿੱਛ ‘ਚ ਰਾਣਾ ਨੂੰ ਪਰਿਵਾਰ ਤੇ ਉਸ ਦੇ ਦੋਸਤਾਂ ਨਾਲ ਜੁੜੇ ਸਵਾਲ ਵੀ ਪੁੱਛੇ ਗਏ ਅਤੇ ਉਸ ਨੇ ਵਾਰ-ਵਾਰ ਬੀਮਾਰੀ ਦਾ ਹਵਾਲਾ ਦੇ ਕੇ ਪੁੱਛਗਿੱਛ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਨੇ ਕਿਹਾ ਕਿ ਜਾਂਚ ਦੀ ਅਗਵਾਈ ਐੱਨ.ਆਈ.ਏ. ਦੀ ਡਿਪਟੀ ਇੰਸਪੈਕਟਰ ਜਨਰਲ ਜਯਾ ਰਾਏ ਕਰ ਰਹੀ ਹੈ, ਜੋ ਮੁੱਖ ਜਾਂਚ ਅਧਿਕਾਰੀ ਵੀ ਹੈ। ਐੱਨ.ਆਈ.ਏ. ਰਾਣਾ ਤੋਂ ਜਾਣਨਾ ਚਾਹੁੰਦੀ ਹੈ ਕਿ ਉਨ੍ਹਾਂ ਦਾ ਪਾਕਿਸਤਾਨੀ ਹੈਂਡਲਰ ਕੌਣ ਸੀ? ਅੱਤਵਾਦੀ ਸਾਜ਼ਿਸ਼ ਵਿਚ ਰਾਣਾ ਨੂੰ ਫੰਡਿੰਗ ਕੌਣ ਦੇ ਰਿਹਾ ਸੀ? ਸਲੀਪਰ ਸੈੱਲ ‘ਚ ਕਿਹੜੇ-ਕਿਹੜੇ ਲੋਕ ਹਨ। ਉੱਥੇ ਹੀ ਐੱਨ.ਆਈ.ਏ. ਨੇ ਅਦਾਲਤ ਨੂੰ ਕਿਹਾ ਹੈ ਕਿ ਦੋਸ਼ੀ ਤਹੱਵੁਰ ਰਾਣਾ ਨੇ 26/11 ਦੇ ਮੁੰਬਈ ਹਮਲਿਆਂ ਵਾਂਗ ਕਈ ਹੋਰ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ।
ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਪੁੱਛ-ਗਿੱਛ ਵਿਚ 26 ਨਵੰਬਰ, 2008 ਨੂੰ ਮੁੰਬਈ ਵਿਚ ਹੋਏ ਭਿਆਨਕ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਉੱਤਰੀ ਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿਚ ਰਾਣਾ ਦੀਆਂ ਯਾਤਰਾਵਾਂ ਬਾਰੇ ਕੁਝ ਅਹਿਮ ਸੁਰਾਗ ਮਿਲਣਗੇ। ਸੂਤਰਾਂ ਨੇ ਦੱਸਿਆ ਰਾਣਾ ਨੇ 13 ਨਵੰਬਰ ਤੋਂ 21 ਨਵੰਬਰ, 2008 ਵਿਚਾਲੇ ਆਪਣੀ ਪਤਨੀ ਸਮਰਾਜ ਰਾਣਾ ਅਖਤਰ ਨਾਲ ਉੱਤਰ ਪ੍ਰਦੇਸ਼ ਦੇ ਹਾਪੁੜ ਤੇ ਆਗਰਾ, ਦਿੱਲੀ, ਕੋਚੀ, ਅਹਿਮਦਾਬਾਦ ਤੇ ਮੁੰਬਈ ਦਾ ਦੌਰਾ ਕੀਤਾ ਸੀ। ਇਨ੍ਹਾਂ ਥਾਵਾਂ ‘ਤੇ ਉਸ ਦੀਆਂ ਯਾਤਰਾਵਾਂ ਪਿੱਛੇ ਦੇਸ਼ ਭਰ ‘ਚ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਸਾਜ਼ਿਸ਼ ਹੋ ਸਕਦੀ ਹੈ।