ਪਟਿਆਲਾ, 11 ਦਸੰਬਰ (ਸੁਖਦੇਵ ਸਿੰਘ ਸ਼ਾਂਤ/ਪੰਜਾਬ ਮੇਲ)- ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ (ਪਟਿਆਲਾ) ਵੱਲੋਂ ’25ਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ-2025 ਪੰਜਾਬੀ ਮਿੰਨੀ ਕਹਾਣੀ ਦੇ ਉੱਘੇ ਲੇਖਕ ਪ੍ਰੀਤ ਨੀਤਪੁਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੀਤ ਨੀਤਪੁਰ ਦੇ ਤਿੰਨ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਦਾੜੀ ‘ਚ ਗੁਆਚੇ ਹੰਝੂ'(1998), ‘ਹਾਉਕਾ, ਹੰਝੂ ਤੇ ਮੁਸਕਾਨ'(2016), ‘ਕਿਤਾਬ, ਕੁੜੀ ਤੇ ਕਵਿਤਾ'(2019) ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਕ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਉਸਦੀਆਂ ਮਿੰਨੀ ਕਹਾਣੀਆਂ ਹਿੰਦੀ ਵਿਚ ਵੀ ਅਨੁਵਾਦ ਹੋ ਕੇ ਛੱਪ ਚੁੱਕੀਆਂ ਹਨ। ਦਿੱਲੀ ਯੂਨੀਵਰਸਿਟੀ, ਦਿੱਲੀ ਦੇ B.A. ਦੇ ਪਾਠਕ੍ਰਮ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਐੱਮ.ਏ. ਦੇ ਪਾਠਕ੍ਰਮ ਵਿਚ ਉਸਦੀਆ ਮਿੰਨੀ ਕਹਾਣੀਆਂ ‘ਦਾੜੀ ‘ਚ ਗੁਆਚੇ ਹੰਝੂ’, ‘ਗਰੀਬਾਂ ਦਾ ਗਹਿਣਾ’, ‘ਗਰੀਬਾਂ ਦੀਆਂ ਜਾਈਆਂ’ ਅਤੇ ‘ਸੇਕ’ ਸ਼ਾਮਿਲ ਹਨ ਮੰਚ ਵੱਲੋਂ ਪਟਿਆਲਾ ਵਿਖੇ ਦੂਜੇ ਐਤਵਾਰ 9 ਫਰਵਰੀ 2025 ਨੂੰ ਪੰਜਾਬੀ ਸਾਹਿਤ ਸਭਾ ਰਜਿ. Patiala ਦੇ ਸਹਿਯੋਗ ਨਾਲ ਆਯੋਜਿਤ ਸਾਹਿਤਕ ਸਮਾਗਮ ‘ਚ ਲੇਖਕ ਨੂੰ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਮੰਚ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਰਾਣਾ ਵੱਲੋਂ ਆਪਣੀ ਸਵਰਗੀ ਮਾਤਾ ਦੀ ਯਾਦ ਵਿਚ ਸਾਲ 2001
ਤੋਂ ਹਰ ਸਾਲ ਇੱਕ ਉੱਘੇ ਮਿੰਨੀ ਕਹਾਣੀ ਲੇਖਕ ਨੂੰ ਨਿਰੰਤਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਕ੍ਰਮਵਾਰ ਸਰਵਸ੍ਰੀ ਸਤਵੰਤ ਕੈਂਥ (2001), ਡਾ. ਅਮਰ ਕੋਮਲ (2002), ਕਰਮਵੀਰ ਸਿੰਘ ਸੂਰੀ (2003), ਪ੍ਰਿੰ. ਸੁਲੱਖਣ ਮੀਤ (2004), ਰਾਜਿੰਦਰ ਕੌਰ ਵੰਤਾ (2005), ਮੋਹਨ ਸ਼ਰਮਾ (2006), ਮਹਿਤਾਬ -ਉਦ-ਦੀਨ(2007), ਸ਼ਿਆਮ ਸੁੰਦਰ ਅਗਰਵਾਲ (2008), ਡਾ. ਸ਼ਿਆਮ ਸੁੰਦਰ ਦੀਪਤੀ (2009), ਅਨਵੰਤ ਕੌਰ (2010), ਅਵੱਲ ਸਰਹੱਦੀ (2011), ਸੁਖਚੈਨ ਸਿੰਘ ਭੰਡਾਰੀ (2012), ਡਾ. ਧਰਮਪਾਲ ਸਾਹਿਲ (2013), ਤ੍ਰਿਪਤ ਭੱਟੀ (2014), ਸੁਰਿੰਦਰ ਕੈਲੇ (2015), ਬਿਕਰਮਜੀਤ ਨੂਰ (2016), ਹਰਭਜਨ ਸਿੰਘ ਖੇਮਕਰਨੀ (2017), ਬਲਬੀਰ ਪਰਵਾਨਾ (2018), ਡਾ. ਹਰਨੇਕ ਸਿੰਘ ਕੈਲੇ (2019), ਡਾ. ਸੁਖਮਿੰਦਰ ਸੇਖੋਂ (2020), ਨਿਰੰਜਣ ਬੋਹਾ (2021), ਸੁਖਦੇਵ ਸਿੰਘ ਸ਼ਾਂਤ (2022), ਡਾ. ਬਲਦੇਵ ਸਿੰਘ ਖਹਿਰਾ (2023), ਸੁਰਿੰਦਰ ਮਕਸੂਦਪੁਰੀ (2024) ਨੂੰ ਪੁਰਸਕਾਰ ਦੇ ਸਨਮਾਨਿਤ ਕੀਤਾ ਜਾ ਚੁੱਕਾ ਹੈ।