#AUSTRALIA

24 ਸਾਲਾ ਲੜਕੀ ਟੋਆਹ ਦੇ ਕਤਲ ਮਾਮਲੇ ‘ਚ ਰਾਜਵਿੰਦਰ ਵੱਲੋਂ ਅਪੀਲ ਦਾਇਰ

-ਕਿਹਾ : ਨਹੀਂ ਕੀਤਾ ਕਤਲ
ਕੁਈਨਜ਼ਲੈਂਡ, 10 ਜਨਵਰੀ (ਪੰਜਾਬ ਮੇਲ)- ਕੁਈਨਜ਼ਲੈਂਡ ਦੀ 24 ਸਾਲਾ ਲੜਕੀ “Toyah Cordingley” (ਟੋਆਹ ਕੋਰਡਿੰਗਲੇ) ਦੇ ਕਤਲ ਲਈ ਦੋਸ਼ੀ ਠਹਿਰਾਏ ਗਏ ਰਾਜਵਿੰਦਰ ਸਿੰਘ ਨੇ ਆਪਣੇ ਸਜ਼ਾ ਦੇ ਵਿਰੋਧ ਵਿਚ ਅਪੀਲ ਦਰਜ ਕਰਵਾਈ ਹੈ।
ਦਸੰਬਰ ਮਹੀਨੇ ‘ਚ ਸੁਪਰੀਮ ਕੋਰਟ ਜਿਊਰੀ ਨੇ ਇਨਿਸਫੇਲ ਇਲਾਕੇ ਦੇ ਨਰਸ ਰਾਜਵਿੰਦਰ ਸਿੰਘ ਨੂੰ ਟੋਆਹ ਨੂੰ ਵਾਂਗੇਟੀ ਬੀਚ, ਜੋ ਕਿ ਕੇਅਰਨਜ਼ ਦੇ ਉੱਤਰ ਵਿਚ ਹੈ, ਉਥੇ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ।
ਚਾਰ ਹਫ਼ਤੇ ਚੱਲੇ ਟਰਾਇਲ ਦੌਰਾਨ ਅਦਾਲਤ ਨੇ ਦੱਸਿਆ ਕਿ ਰਾਜਵਿੰਦਰ (41) ਨੇ ਟੋਆਹ ਕੋਰਡਿੰਗਲੇ ਨੂੰ 21 ਅਕਤੂਬਰ 2018 ਨੂੰ ਵਾਰ-ਵਾਰ ਚਾਕੂ ਮਾਰਿਆ ਅਤੇ ਉਸ ਦਾ ਗਲਾ ਰੇਤ ਦਿੱਤਾ, ਜਦ ਉਹ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਬੀਚ ‘ਤੇ ਲੈ ਕੇ ਗਈ ਸੀ।
ਅਦਾਲਤ ਵਿਚ ਦੱਸਿਆ ਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਆਪਣੀ ਜੋਬ ਇਨਿਸਫੇਲ ਹਸਪਤਾਲ ਤੋਂ ਛੱਡ ਫਰਾਰ ਹੋ ਗਿਆ ਅਤੇ ਚਾਰ ਸਾਲ ਤੱਕ ਭਾਰਤ ਵਿਚ ਲੁੱਕ ਕੇ ਰਿਹਾ।
ਰਾਜਵਿੰਦਰ, ਜਿਸ ‘ਤੇ ਇੱਕ ਮਿਲੀਅਨ ਡਾਲਰ ਦਾ ਇਨਾਮ ਰੱਖ ਦਿੱਤਾ ਗਿਆ ਸੀ, ਨੂੰ 2022 ਵਿਚ ਗ੍ਰਿਫਤਾਰ ਕੀਤਾ ਗਿਆ। ਪਰ ਉਸਦੇ ਕੋਲ ਅਪੀਲ ਦਾਇਰ ਕਰਨ ਦਾ ਸਮਾਂ ਇਸ ਸਜ਼ਾ ਤੋਂ ਮਗਰੋਂ ਇੱਕ ਮਹੀਨਾ ਸੀ। ਜਿਸ ਦਾ ਇਸਤੇਮਾਲ ਕਰਦਿਆਂ ਰਾਜਵਿੰਦਰ ਨੇ ਹੁਣ ਆਪਣੀ ਸਜ਼ਾ ਪਲਟਣ ਲਈ ਅਪੀਲ ਕੀਤੀ ਹੈ। ਖ਼ਬਰ ਅਨੁਸਾਰ ਰਾਜਵਿੰਦਰ ਨੇ ਅਰਜ਼ੀ ਵਿਚ ਦੱਸਿਆ ਹੈ ਕਿ ਉਸਨੇ ਨਕਾਬਪੋਸ਼ ਦੁਆਰਾ ਟੋਆਹ ਕੋਰਡਿੰਗਲੇ ਦਾ ਕਤਲ ਹੁੰਦਿਆਂ ਵੇਖ ਲਿਆ ਸੀ, ਅਤੇ ਉਸਨੂੰ ਡਰ ਸੀ ਕਿ ਕਿਤੇ ਉਸਨੂੰ ਵੀ ਮਾਰ ਨਾ ਦਿੱਤਾ ਜਾਵੇ, ਇਸ ਕਰਕੇ ਉਹ ਭੱਜ ਗਿਆ ਸੀ।