#INDIA

24 ਘੰਟਿਆਂ ਦੌਰਾਨ ਬਿਹਾਰ ‘ਚ ਪਿਛਲੇ ਚਾਰ ਪੁਲ ਰੁੜ੍ਹੇ

ਨਿਤੀਸ਼ ਵੱਲੋਂ ਪੁਰਾਣੇ ਤੇ ਖਸਤਾ ਹਾਲ ਪੁਲਾਂ ਦੀ ਨਿਸ਼ਾਨਦੇਹੀ ਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼

ਪਟਨਾ, 4 ਜੁਲਾਈ  (ਪੰਜਾਬ ਮੇਲ)-  ਬਿਹਾਰ ਵਿੱਚ ਪੁਲ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿਚ ਸਾਰਨ ਤੇ ਸਿਵਾਨ ਜ਼ਿਲ੍ਹਿਆਂ ਵਿਚ ਚਾਰ ਹੋਰ ਪੁਲ ਡਿੱਗੇ ਹਨ। ਸਿਵਾਨ ਜ਼ਿਲ੍ਹੇ ਵਿੱਚ ਗੰਡਕ ਦਰਿਆ ’ਤੇ ਬਣੇ ਪੁਲ ਦਾ ਇੱਕ ਹਿੱਸਾ ਅੱਜ ਸਵੇਰੇ ਪਾਣੀ ਵਿੱਚ ਰੁੜ੍ਹ ਗਿਆ। ਪਿਛਲੇ 15 ਦਿਨਾਂ ਵਿੱਚ ਸੂਬੇ ’ਚ ਪੁਲ ਡਿੱਗਣ ਦੀ ਇਹ ਨੌਵੀਂ ਘਟਨਾ ਹੈ। ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਉਧਰ, ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਇੱਕ ਦਿਨ ਵਿੱਚ ਚਾਰ ਪੁਲ ਰੁੜ੍ਹ ਗਏ ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਦੋ ਉਪ ਮੁੱਖ ਮੰਤਰੀ ਖਾਮੋਸ਼ ਹਨ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਸੜਕ ਉਸਾਰੀ ਵਿਭਾਗ ਅਤੇ ਦਿਹਾਤੀ ਲੋਕ ਨਿਰਮਾਣ ਵਿਭਾਗ (ਆਰਡਬਲਿਊਡੀ) ਨੂੰ ਸੂਬੇ ਦੇ ਸਾਰੇ ਪੁਰਾਣੇ ਪੁਲਾਂ ਦਾ ਫੌਰੀ ਸਰਵੇ ਕਰਵਾਉਣ ਅਤੇ ਮੁਰੰਮਤ ਖੁਣੋਂ ਪਏ ਖਸਤਾ ਹਾਲ ਪੁਲਾਂ ਦੀ ਨਿਸ਼ਾਨਦੇਹੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਪਹਿਲੀ ਘਟਨਾ ਸਾਰਨ ਜ਼ਿਲ੍ਹੇ ਦੇ ਲਹਿਲਾਦਪੁਰ ਬਲਾਕ ਦੇ ਜਨਤਾ ਬਾਜ਼ਾਰ ਵਿੱਚ ਵਾਪਰੀ। ਇੱਥੇ ਭਾਰੀ ਮੀਂਹ ਮਗਰੋਂ ਪਾਣੀ ਦਾ ਪੱਧਰ ਵਧਣ ਨਾਲ ਥੰਮਲੇ ਕਮਜ਼ੋਰ ਪੈ ਗਏ ਤੇ ਪੁਲ ਡਿੱਗ ਗਿਆ। ਇਹ ਪੁਲ ਬਾਬਾ ਧੁੰਦ ਨਾਥ ਮੰਦਰ ਤਕ ਜਾਣ ਦਾ ਇਕੋ ਇਕ ਮੁੱਖ ਰਾਹ ਸੀ। ਪ੍ਰਸ਼ਾਸਨ ਵੱਲੋਂ ਇਸ ਖੇਤਰ ਵਿੱਚ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਦੇ ਬਾਵਜੂਦ ਸਥਾਨਕ ਲੋਕਾਂ ਨੇ ਪੁਲ ਡਿੱਗਣ ਦੀ ਘਟਨਾ ਨੂੰ ਰਿਕਾਰਡ ਕਰ ਲਿਆ। ਇਸੇ ਤਰ੍ਹਾਂ ਸਿਵਾਨ ਜ਼ਿਲ੍ਹੇ ਦੀ ਮਹਾਰਾਜਗੰਜ ਸਬ-ਡਿਵੀਜ਼ਨ ਦੇ ਪਿੰਡ ਦੇਵੜੀਆ ਵਿੱਚ ਗੰਡਕ ਦਰਿਆ ’ਤੇ ਬਣਿਆ 40 ਸਾਲ ਪੁਰਾਣਾ ਪੁਲ ਪਾਣੀ ਵਿੱਚ ਰੁੜ੍ਹ ਗਿਆ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਪੁਲ ਮੁਰੰਮਤ ਦੀ ਘਾਟ ਕਾਰਨ ਡਿੱਗਿਆ ਹੈ। ਤੀਸਰਾ ਪੁਲ ਸਿਵਾਨ ਜ਼ਿਲ੍ਹੇ ਦੇ ਮਹਾਰਾਜਗੰਜ ਬਲਾਕ ਦੇ ਤੇਵਥਾ ਪੰਚਾਇਤ ਵਿੱਚ ਅੱਜ ਸਵੇਰੇ ਡਿੱਗਿਆ। ਇਹ ਪੁਲ ਨੌਤਨ ਬਲਾਕ ਨੂੰ ਸਿਕੰਦਰਪੁਰ ਪਿੰਡ ਨਾਲ ਜੋੜਦਾ ਸੀ।ਇਸ ਤੋਂ ਪਹਿਲਾਂ ਇੱਕ ਪੁਲ ਸਿਵਾਨ ਜ਼ਿਲ੍ਹੇ ਦੇ ਦਮਈ ਪਿੰਡ ਵਿੱਚ ਮੰਗਲਵਾਰ ਰਾਤ ਨੂੰ ਡਿੱਗ ਗਿਆ ਸੀ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਪਾਣੀ ਦਾ ਤੇਜ਼ ਵਹਾਅ ਪੁਲ ਨੂੰ ਰੋੜ੍ਹ ਕੇ ਲੈ ਗਿਆ। ਪੁਲ ਦੀ ਹਾਲ ਹੀ ’ਚ ਮੁਰੰਮਤ ਕੀਤੀ ਗਈ ਸੀ।