ਨਵੀਂ ਦਿੱਲੀ, 14 ਦਸੰਬਰ (ਪੰਜਾਬ ਮੇਲ)- 2040 ਤੱਕ ਭਾਰਤ ‘ਚ ਤਪਦਿਕ ਦੇ 6.2 ਕਰੋੜ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ, ਇਸ ਬੀਮਾਰੀ ਕਾਰਨ 80 ਲੱਖ ਮੌਤਾਂ ਹੋ ਜਾਣ ਤੇ ਜੀ.ਡੀ.ਪੀ. ਦੇ 146 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਜਾਣ ਦਾ ਖਦਸ਼ਾ ਹੈ। ਇਕ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ ਦੇ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ ਦੇ ਮਾਹਿਰਾਂ ਸਮੇਤ ਖੋਜਕਰਤਾਵਾਂ ਨੇ ਕਿਹਾ ਕਿ ਘੱਟ ਆਮਦਨੀ ਵਾਲੇ ਪਰਿਵਾਰ ਸਿਹਤ ਸਬੰਧੀ ਸਮੱਸਿਆਵਾਂ ਵੱਡੇ ਪੱਧਰ ‘ਤੇ ਝੱਲਣਗੇ। ਉੱਚ ਆਮਦਨੀ ਵਾਲੇ ਪਰਿਵਾਰਾਂ ਨੂੰ ਇਸ ਬੀਮਾਰੀ ਕਾਰਨ ਆਰਥਿਕ ਭਾਰ ਦਾ ਵੱਡਾ ਹਿੱਸਾ ਝੱਲਣਾ ਪਏਗਾ।
ਤਪਦਿਕ ਬੈਕਟੀਰੀਆ ਵੱਲੋਂ ਪੈਦਾ ਕੀਤੀ ਬੀਮਾਰੀ ਹੈ, ਜੋ ਹਵਾ ਰਾਹੀਂ ਫੈਲ ਸਕਦੀ ਹੈ। ਇਨਫੈਕਸ਼ਨ ਦਾ ਸ਼ਿਕਾਰ ਵਿਅਕਤੀ ਜਦੋਂ ਖੰਘਦਾ ਹੈ, ਨਿੱਛਾਂ ਮਾਰਦਾ ਹੈ ਜਾਂ ਬੋਲਦਾ ਹੈ ਤਾਂ ਇਸ ਦੇ ਜੀਵਾਣੂ ਫੈਲਦੇ ਹਨ। ਇਹ ਸਥਿਤੀ ਜੋ ਮੁੱਖ ਰੂਪ ‘ਚ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਘਾਤਕ ਹੋ ਸਕਦੀ ਹੈ ਕਿਉਂਕਿ ਇਹ ਦੂਜੇ ਅੰਗਾਂ ‘ਚ ਵੀ ਫੈਲ ਸਕਦੀ ਹੈ। ਇਸ ਦੇ ਆਮ ਲੱਛਣਾਂ ‘ਚ ਲਗਾਤਾਰ ਖੰਘ ਆਉਣੀ, ਛਾਤੀ ‘ਚ ਦਰਦ, ਬੁਖਾਰ ਤੇ ਥਕਾਵਟ ਸ਼ਾਮਲ ਹਨ। ਪੀ.ਐੱਲ.ਓ. ਐੱਸ. ਮੈਡੀਸਨ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ਅੰਦਾਜ਼ਾ ਲਾਉਂਦਾ ਹੈ ਕਿ ਕੇਸਾਂ ਦਾ ਪਤਾ ਲਾਉਣ ਦੀਆਂ ਦਰਾਂ ਦੇ ਮੌਜੂਦਾ ਸਮੇਂ ‘ਚ 63 ਫੀਸਦੀ ਹੋਣ ਦਾ ਅਨੁਮਾਨ ਹੈ। ਵਿਸ਼ਵ ਸਿਹਤ ਸੰਗਠਨ ਦੇ ਟੀ.ਬੀ. ਨੂੰ ਖਤਮ ਕਰਨ ਦੇ ਕੇਸਾਂ ਦੇ 90 ਫੀਸਦੀ ਟੀਚੇ ਨੂੰ ਪੂਰਾ ਕਰਨ ਨਾਲ ਕਲੀਨਿਕਲ ਤੇ ਆਬਾਦੀ ਸੰਬੰਧੀ ਬੀਮਾਰੀਆਂ ਦੇ ਭਾਰ ਨੂੰ 75-90 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।