#AMERICA

2030 ਤੱਕ ਚੰਦਰਮਾ ‘ਤੇ ਪਹਿਲਾ ਸਥਾਈ ਕੇਂਦਰ ਸਥਾਪਤ ਕਰੇਗਾ ਅਮਰੀਕਾ! ਨਵਾਂ ਬਿੱਲ ਪੇਸ਼

ਵਾਸ਼ਿੰਗਟਨ, 3 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਕਾਂਗਰਸਮੈਨ ਕੀਥ ਸੈਲਫ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਵਿਚ ਨਾਸਾ ਨੂੰ 2030 ਤੱਕ ਚੰਦਰਮਾ ‘ਤੇ ਪਹਿਲਾ ਸਥਾਈ ਕੇਂਦਰ (ਆਊਟਪੋਸਟ) ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਕਦਮ ਪੁਲਾੜ ਦੇ ਖੇਤਰ ਵਿਚ ਚੀਨ ਵੱਲੋਂ ਵਧਦੀ ਚੁਣੌਤੀ ਦੇ ਦਰਮਿਆਨ ਅਮਰੀਕੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਕਾਂਗਰਸਮੈਨ ਸੈਲਫ ਨੇ ਇਹ ਬਿੱਲ ਆਰਟੇਮਿਸ-2 (Artemis II) ਮਿਸ਼ਨ ਦੇ ਲਾਂਚ ਹੋਣ ਤੋਂ ਅਗਲੇ ਦਿਨ ਪੇਸ਼ ਕੀਤਾ। ਇਸ ਬਿੱਲ ਵਿਚ ਚੰਦਰਮਾ ‘ਤੇ ਪਹਿਲੇ ਸਥਾਈ ਬੁਨਿਆਦੀ ਢਾਂਚੇ ਲਈ 31 ਦਸੰਬਰ, 2030 ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਸੈਲਫ ਅਨੁਸਾਰ, ਸਿਰਫ਼ ਚੰਦਰਮਾ ਦੇ ਚੱਕਰ ਲਗਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉੱਥੇ ਸਥਾਈ ਤੌਰ ‘ਤੇ ਮੌਜੂਦਗੀ ਦਰਜ ਕਰਵਾਉਣਾ ਰਣਨੀਤਕ ਤੌਰ ‘ਤੇ ਜ਼ਰੂਰੀ ਹੈ।
ਬਿੱਲ ਵਿਚ ਨਾਸਾ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਕੇਂਦਰ ਸਥਾਪਤ ਕਰਨ ਲਈ ਕਿਹਾ ਗਿਆ ਹੈ। ਇਹ ਖੇਤਰ ‘ਵਾਟਰ ਆਈਸ’ (ਜਿਸ ਤੋਂ ਰਾਕੇਟ ਬਾਲਣ ਬਣ ਸਕਦਾ ਹੈ), ਹੀਲੀਅਮ-3 ਅਤੇ ਹੋਰ ਦੁਰਲੱਭ ਤੱਤਾਂ ਦੀ ਮੌਜੂਦਗੀ ਕਾਰਨ ਬਹੁਤ ਅਹਿਮ ਹੈ। ਚੰਦਰਮਾ ਦੇ ਸਰੋਤਾਂ ਦੀ ਵਰਤੋਂ ਪੁਲਾੜ ਵਿਚ ਨਿਰਮਾਣ, ਮਾਈਨਿੰਗ (ਖਣਨ) ਅਤੇ ਉਸਾਰੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ।
ਕਈ ਨਿੱਜੀ ਕੰਪਨੀਆਂ ਪਹਿਲਾਂ ਹੀ ਇਸ ਤਕਨਾਲੋਜੀ ‘ਤੇ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਸਰਕਾਰੀ ਸਹਿਯੋਗ ਅਤੇ ਸਥਾਈ ਮੌਜੂਦਗੀ ਦੀ ਲੋੜ ਹੈ। ਕਾਂਗਰਸਮੈਨ ਨੇ ਚੀਨ ਦੀ ਪੁਲਾੜ ਏਜੰਸੀ (ਸੀ.ਐੱਨ.ਐੱਸ.ਏ.) ਨਾਲ ਵਧਦੀ ਮੁਕਾਬਲੇਬਾਜ਼ੀ ‘ਤੇ ਜ਼ੋਰ ਦਿੱਤਾਹੈ। ਚੀਨ ਨੇ ਵੀ ਇਸੇ ਦਹਾਕੇ ਦੇ ਅੰਤ ਤੱਕ ਚੰਦਰਮਾ ‘ਤੇ ਖੋਜ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਸੈਲਫ ਨੇ ਕਿਹਾ, ”ਜਿਹੜਾ ਦੇਸ਼ ਚੰਦਰਮਾ ਦੀ ਸਤ੍ਹਾ ‘ਤੇ ਸਰੀਰਕ ਤੌਰ ‘ਤੇ ਮੌਜੂਦਗੀ ਸਥਾਪਤ ਕਰੇਗਾ, ਉਹੀ ਸਾਰਿਆਂ ਲਈ ਨਿਯਮ ਤੈਅ ਕਰੇਗਾ।”
ਵਰਤਮਾਨ ‘ਚ ਚੱਲ ਰਿਹਾ ਆਰਟੇਮਿਸ-2 ਮਿਸ਼ਨ 1972 ਤੋਂ ਬਾਅਦ ਪਹਿਲੀ ਵਾਰ ਚਾਰ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੇ ਨੇੜੇ ਲੈ ਕੇ ਜਾ ਰਿਹਾ ਹੈ। ਸੈਲਫ ਦਾ ਤਰਕ ਹੈ ਕਿ ਸਥਾਈ ਚੰਦਰਮਾ ਕੇਂਦਰ ਦਾ ਮਤਲਬ ਹੈ—ਅਮਰੀਕੀ ਨੌਕਰੀਆਂ, ਅਮਰੀਕੀ ਕਾਢਾਂ ਅਤੇ ਚੰਦਰਮਾ ਦੀ ਮਿੱਟੀ ਵਿਚ ਮਜ਼ਬੂਤੀ ਨਾਲ ਗੱਡੇ ਹੋਏ ਅਮਰੀਕੀ ਝੰਡੇ। ਇਹ ਬਿੱਲ ਪਹਿਲਾਂ ‘ਨਾਸਾ ਰੀ-ਆਥੋਰਾਈਜ਼ੇਸ਼ਨ ਐਕਟ’ ਦਾ ਹਿੱਸਾ ਸੀ, ਪਰ ਹੁਣ ਇਸ ਨੂੰ ਸੁਤੰਤਰ ਬਿੱਲ ਵਜੋਂ ਮੁੜ ਪੇਸ਼ ਕੀਤਾ ਗਿਆ ਹੈ, ਤਾਂ ਜੋ ਇਸ ‘ਤੇ ਤੇਜ਼ੀ ਨਾਲ ਕਾਰਵਾਈ ਹੋ ਸਕੇ।