ਸ਼ਹੀਦ ਕੇਹਰ ਸਿੰਘ ਦੇ ਪੁੱਤਰ ਸਤਵੰਤ ਸਿੰਘ ਬੱਸੀ ਪਠਾਣਾਂ ਤੋਂ ਲੜਨਗੇ ਚੋਣ
ਅੰਮ੍ਰਿਤਸਰ, 12 ਅਗਸਤ (ਪੰਜਾਬ ਮੇਲ)- ਅਕਾਲੀ ਦਲ ਵਾਰਿਸ ਪੰਜਾਬ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਆਰੰਭ ਕਰਦਿਆਂ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਸ਼ਹੀਦ ਕੇਹਰ ਸਿੰਘ ਦੇ ਪੁੱਤਰ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
ਅੰਮ੍ਰਿਤਸਰ ਪ੍ਰੈੱਸ ਕਲੱਬ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਲਈ ਪਹਿਲੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ। ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਸਿਆਸਤ ਸਿਰਫ਼ ਸੱਤਾ ਪ੍ਰਾਪਤੀ ਤੱਕ ਸੀਮਤ ਨਹੀਂ, ਸਗੋਂ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਦੇ ਮਾਣ-ਸਤਿਕਾਰ ਨੂੰ ਅੱਗੇ ਲੈ ਕੇ ਚੱਲਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਲੋਕ ਆਖ ਰਹੇ ਸਨ ਕਿ ਵਾਰਿਸ ਪੰਜਾਬ ਵੱਲੋਂ ਪੰਥ ਅਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਲਈ ਵਾਰਿਸ ਪੰਜਾਬ ਵੱਲੋਂ ਸ਼ਹੀਦ ਪਰਿਵਾਰ ਵਿਚੋਂ ਪਹਿਲੇ ਉਮੀਦਵਾਰ ਦਾ ਐਲਾਨ ਕਰ ਕੇ ਇਸ ਧਾਰਨਾ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਵਿਚੋਂ ਉਨ੍ਹਾਂ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਨੂੰ ਪਾਰਟੀ ਦੇ ਪਾਰਲੀਮਾਨੀ ਬੋਰਡ ਦਾ ਮੈਂਬਰ ਬਣਾਇਆ ਹੈ।
ਇਸ ਮੌਕੇ ਕੇਹਰ ਸਿੰਘ ਦੇ ਵੱਡੇ ਪੁੱਤਰ ਰਜਿੰਦਰ ਸਿੰਘ, ਪੋਤਰੇ ਪੁਰੂ ਰਾਜ ਸਿੰਘ, ਸੁਖਵਿੰਦਰ ਸਿੰਘ ਅਗਵਾਨ, ਪ੍ਰਗਟ ਸਿੰਘ ਅਤੇ ਅਮਰਜੀਤ ਸਿੰਘ ਵੰਨਚਿੜੀ ਵੀ ਮੌਜੂਦ ਸਨ।
2027 ਵਿਧਾਨ ਸਭਾ ਚੋਣਾਂ ਲਈ ਵਾਰਿਸ ਪੰਜਾਬ ਵੱਲੋਂ ਪਹਿਲੇ ਉਮੀਦਵਾਰ ਦਾ ਐਲਾਨ

