#AMERICA

2026 ਲਈ ਲੋੜੀਂਦੀ ਗਿਣਤੀ ‘ਚ ਮਿਲੀਆਂ ਐੱਚ-1ਬੀ ਵੀਜ਼ਾ ਅਰਜ਼ੀਆਂ : ਯੂ.ਐੱਸ.ਸੀ.ਆਈ.ਐੱਸ.

ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਵਿੱਤੀ ਸਾਲ 2026 ਲਈ ਲੋੜੀਂਦੀ ਗਿਣਤੀ ਵਿਚ ਐੱਚ-1ਬੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਯੂ.ਐੱਸ.ਸੀ.ਆਈ.ਐੱਸ. ਅਨੁਸਾਰ, ਉਨ੍ਹਾਂ ਨੂੰ ਐੱਚ-1ਬੀ ਵੀਜ਼ਾ ਲਈ ਨਿਰਧਾਰਤ ਕੋਟੇ ਨੂੰ ਪੂਰਾ ਕਰਨ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਮਰੀਕਾ ਹਰ ਸਾਲ 65,000 ਐੱਚ-1ਬੀ ਵੀਜ਼ੇ ਜਾਰੀ ਕਰਦਾ ਹੈ, ਜਿਸ ਵਿਚ 20,000 ਵਾਧੂ ਵੀਜ਼ੇ ਉਨ੍ਹਾਂ ਲੋਕਾਂ ਲਈ ਰੱਖੇ ਜਾਂਦੇ ਹਨ, ਜੋ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਉੱਚੀ ਡਿਗਰੀ ਕਰਦੇ ਹਨ। ਯੂ.ਐੱਸ.ਸੀ.ਆਈ.ਐੱਸ. ਦੇ ਬਿਆਨ ਵਿਚ ਕਿਹਾ ਗਿਆ ਹੈ, ”ਯੂ.ਐੱਸ.ਸੀ.ਆਈ.ਐੱਸ. ਨੂੰ ਵਿੱਤੀ ਸਾਲ 2026 ਦੇ ਐੱਚ-1ਬੀ ਕੋਟੇ ਨੂੰ ਭਰਨ ਲਈ ਲੋੜੀਂਦੀ ਗਿਣਤੀ ਵਿਚ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਾਪਤ ਹੋ ਗਏ ਹਨ, ਜਿਸ ਵਿਚ ਮਾਸਟਰ ਡਿਗਰੀ ਧਾਰਕਾਂ ਲਈ ਰਾਖਵੇਂ ਵੀਜ਼ੇ (ਐਡਵਾਂਸਡ ਡਿਗਰੀ ਛੋਟ)ਵੀ ਸ਼ਾਮਲ ਹਨ।”
ਸੰਘੀ ਏਜੰਸੀ ਨੇ ਕਿਹਾ ਕਿ ਲਾਟਰੀ ਪ੍ਰਕਿਰਿਆ ਰਾਹੀਂ ਕਾਫ਼ੀ ਗਿਣਤੀ ਵਿਚ ਬਿਨੈਕਾਰਾਂ ਦੀ ਚੋਣ ਕੀਤੀ ਗਈ ਹੈ, ਅਤੇ ਚੁਣੇ ਹੋਏ ਬਿਨੈਕਾਰਾਂ ਨੂੰ ਉਨ੍ਹਾਂ ਦੀ ਯੋਗਤਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਚੁਣੇ ਹੋਏ ਬਿਨੈਕਾਰਾਂ 1 ਅਪ੍ਰੈਲ, 2025 ਤੋਂ ਐੱਚ-1ਬੀ ਪਟੀਸ਼ਨਾਂ ਦਾਇਰ ਕਰ ਸਕਦੇ ਹਨ। ਬਿਨੈਕਾਰ ਸਿਰਫ ਉਨ੍ਹਾਂ ਲਈ ਅਰਜ਼ੀ ਦੇ ਸਕਦੇ ਹਨ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਸਫਲਤਾਪੂਰਵਕ ਚੁਣੀ ਗਈ ਹੈ।
2023 ਵਿਚ 7,80,000 ਐੱਚ-1ਬੀ ਅਰਜ਼ੀਆਂ ਪ੍ਰਾਪਤ ਹੋਈਆਂ। 2024 ਵਿਚ, ਇਹ ਗਿਣਤੀ ਘੱਟ ਕੇ 4,79,953 ਹੋ ਗਈ। ਇਸ ਸਾਲ, ਯੂ.ਐੱਸ.ਸੀ.ਆਈ.ਐੱਸ. ਨੇ ਅਜੇ ਤੱਕ ਕੁੱਲ ਅਰਜ਼ੀਆਂ ਦੀ ਗਿਣਤੀ ਜਾਰੀ ਨਹੀਂ ਕੀਤੀ ਹੈ।
ਇਸ ਸਾਲ ਤੋਂ, ਯੂ.ਐੱਸ.ਸੀ.ਆਈ.ਐੱਸ. ਨੇ ਨਵੇਂ ਐੱਚ-1ਬੀ ਰਜਿਸਟ੍ਰੇਸ਼ਨਾਂ ਲਈ 215 ਅਮਰੀਕੀ ਡਾਲਰ ਦੀ ਫੀਸ ਲਗਾਈ ਹੈ।
ਐੱਚ-1ਬੀ ਵੀਜ਼ਾ ਤਕਨੀਕੀ ਅਤੇ ਉੱਚ ਹੁਨਰਮੰਦ ਪੇਸ਼ੇਵਰਾਂ ਲਈ ਸਭ ਤੋਂ ਪ੍ਰਸਿੱਧ ਵੀਜ਼ਾ ਹੈ। ਹਰ ਸਾਲ ਇਨ੍ਹਾਂ ਵੀਜ਼ਿਆਂ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ ਪੇਸ਼ੇਵਰਾਂ ਨੂੰ ਮਿਲਦਾ ਹੈ, ਜਿਸ ਨਾਲ ਭਾਰਤ-ਅਮਰੀਕਾ ਵਪਾਰਕ ਅਤੇ ਤਕਨਾਲੋਜੀ ਸਬੰਧ ਮਜ਼ਬੂਤ ਹੁੰਦੇ ਹਨ।