ਵਾਸ਼ਿੰਗਟਨ, 31 ਦਸੰਬਰ (ਪੰਜਾਬ ਮੇਲ)- ਸਾਲ 2025 ‘ਚ ਭਿਆਨਕ ਫੌਜੀ ਟਕਰਾਅ ਤੋਂ ਬਾਅਦ ਆਖ਼ਿਰਕਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਹੈ। ਪਰ ਇਕ ਪ੍ਰਮੁੱਖ ਅਮਰੀਕੀ ਥਿੰਕ ਟੈਂਕ ‘ਦਿ ਕੌਂਸਲ ਆਨ ਫਾਰੇਨ ਰਿਲੇਸ਼ਨਜ਼’ (ਸੀ.ਐੱਫ.ਆਰ.) ਨੇ ਚਿਤਾਵਨੀ ਦਿੱਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਾਲ 2026 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁੜ ਜੰਗ ਛਿੜ ਸਕਦੀ ਹੈ। ਸੀ.ਐੱਫ.ਆਰ. ਦੀ ਰਿਪੋਰਟ ‘ਕਾਨਫਲਿਕਟਸ ਟੂ ਵਾਚ ਇਨ 2026’ ਅਨੁਸਾਰ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਵਧਣ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦੀ ਸੰਭਾਵਨਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਹੁੰਦਾ ਹੈ, ਤਾਂ ਇਹ ਅਮਰੀਕੀ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਜੰਮੂ ਅਤੇ ਕਸ਼ਮੀਰ ਵਿਚ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ ਪਰ ਖੁਫੀਆ ਏਜੰਸੀਆਂ ਅਨੁਸਾਰ ਇਨ੍ਹਾਂ ਸਰਦੀਆਂ ‘ਚ ਜੰਮੂ ਖੇਤਰ ਵਿਚ 30 ਤੋਂ ਵੱਧ ਪਾਕਿਸਤਾਨੀ ਅੱਤਵਾਦੀ ਸਰਗਰਮ ਹਨ। 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਹਥਿਆਰਾਂ ਦੀ ਖਰੀਦ ‘ਚ ਤੇਜ਼ੀ ਲਿਆਂਦੀ ਹੈ।
ਭਾਰਤ ਵਿਚ ‘ਡਿਫੈਂਸ ਐਕਿਊਜ਼ੀਸ਼ਨ ਕਾਊਂਸਲ’ ਨੇ ਹਾਲ ਹੀ ਵਿਚ 79,000 ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿਚ ਡਰੋਨ, ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਗਾਈਡਿਡ ਬੰਬ ਸ਼ਾਮਲ ਹਨ। ਪਾਕਿਸਤਾਨ ਨੇ ਵੀ ਆਪ੍ਰੇਸ਼ਨ ‘ਸਿੰਧੂਰ’ ਦੌਰਾਨ ਸਾਹਮਣੇ ਆਈਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਨਵੇਂ ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਖਰੀਦਣ ਲਈ ਤੁਰਕੀ ਅਤੇ ਚੀਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
2026 ‘ਚ ਭਾਰਤ-ਪਾਕਿ ਵਿਚਾਲੇ ਮੁੜ ਜੰਗ ਲੱਗਣ ਦੇ ਅਮਰੀਕੀ ਥਿੰਕ ਟੈਂਕ ਦੇ ਦਾਅਵੇ ਨੇ ਮਚਾਈ ਸਨਸਨੀ

