ਸੈਕਰਾਮੈਂਟੋ,ਕੈਲੀਫੋਰਨੀਆ, 2 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2025 ਵਿੱਚ 3,17,000 ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ। ਪਰਸੋਨਲ ਮੈਨਜਮੈਂਟ ਦਫਤਰ ਅਨੁਸਾਰ ਬਹੁਗਿਣਤੀ ਮੁਲਾਜਮਾਂ ਨੇ ਇੱਛੁਕ ਤੌਰ ‘ਤੇ ਸਮੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ। ਮੁਲਾਜਮਾਂ ਨੇ ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਖਰਚ ਘਟਾਉਣ ਤੇ ਅਕੁਸ਼ਲਤਾ ਦੇ ਨਾਂ ‘ਤੇ ਹਜਾਰਾਂ ਮੁਲਾਜਮਾਂ ਦੀ ਛਾਂਟੀ ਕਰਨ ਤੋਂ ਬਾਅਦ ਚੁੱਕਿਆ। ਇਨਾਂ ਵਿੱਚ ਉਹ ਮੁਲਾਜ਼ਮ ਵੀ ਸ਼ਾਮਿਲ ਸਨ ਜੋ ਨਵੇਂ ਸਨ ਜਾਂ ਹਾਲ ਹੀ ਵਿੱਚ ਪਦ ਉਨਤ ਕੀਤੇ ਗਏ ਸਨ ਤੇ ਉਨਾਂ ਦਾ ਪ੍ਰੋਬੇਸ਼ਨਰੀ ਸਮਾਂ ਚੱਲ ਰਿਹਾ ਸੀ। 20 ਜਨਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਪਹਿਲੇ ਆਦੇਸ਼ ਵਿੱਚ ‘ਯੂ ਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸੀਏਂਸੀ’ ਦੀ ਸਥਾਪਨਾ ਕੀਤੀ ਗਈ। ਇਸ ਵਿਭਾਗ ਦਾ ਕੰਮ ਸੰਘੀ ਨੌਕਰਸ਼ਾਹੀ ਖਰਚ ਨੂੰ ਘਟਾਉਣਾ ਤੇ ਹੁੰਦੀ ਬਰਬਾਦੀ ਨੂੰ ਰੋਕਣਾ ਸੀ। ਇਸ ਦੀ ਕਮਾਨ ਅਰਬਪਤੀ ਐਲਨ ਮਸਕ ਨੂੰ ਸੌਂਪੀ ਗਈ ਜਿਸ ਨੇ ਮੁਲਾਜਮਾਂ ਦੀ ਸਮੂਹਿਕ ਛਾਂਟੀ ਸ਼ੁਰੂ ਕੀਤੀ ਤੇ ਇਛੁੱਕ ਤੌਰ ‘ਤੇ ਨੌਕਰੀਆਂ ਛੱਡਣ ਲਈ ਰਾਹ ਪੱਧਰਾ ਕੀਤਾ। ਪਰਸੋਨਲ ਮੈਨਜਮੈਂਟ ਦਫਤਰ ਅਨਸਾਰ ਸਰਕਾਰ ਨੇ 2025 ਵਿੱਚ 68000 ਨਵੇਂ ਮੁਲਾਜ਼ਮ ਭਰਤੀ ਵੀ ਕੀਤੇ ਜਿਨਾਂ ਨਾਲ ਦੇਸ਼ ਭਰ ਵਿੱਚ ਕੁਲ ਸੰਘੀ ਸਿਵਲੀਅਨ ਵਰਕਰਾਂ ਦੀ ਗਿਣਤੀ ਤਕਰੀਬਨ 2.1 ਮਿਲੀਅਨ ਹੋ ਗਈ।
2025 ਵਿੱਚ 3 ਲੱਖ ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ

