#INDIA

2025 ‘ਚ ਕੁਦਰਤੀ ਆਫ਼ਤਾਂ ਕਾਰਨ ਦੁਨੀਆਂ ਭਰ ‘ਚ 120 ਅਰਬ ਡਾਲਰ ਦਾ ਨੁਕਸਾਨ

ਨਵੀਂ ਦਿੱਲੀ, 31 ਦਸੰਬਰ (ਪੰਜਾਬ ਮੇਲ)- ਵਾਤਾਵਰਣ ਤਬਦੀਲੀ ਕਾਰਨ ਹੋਣ ਵਾਲੇ ਨੁਕਸਾਨ ਦਾ ਵਿਸ਼ਲੇਸ਼ਣ ਕਰਨ ਵਾਲੀ ਨਵੀਂ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਲੂ, ਜੰਗਲ ਦੀ ਅੱਗ, ਸੋਕਾ ਤੇ ਤੂਫਾਨਾਂ ਕਾਰਨ 2025 ‘ਚ ਦੁਨੀਆਂ ਨੂੰ 120 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਬਰਤਾਨੀਆ ਆਧਾਰਿਤ ਐੱਨ.ਜੀ.ਓ. ਦੀ ਰਿਪੋਰਟ ਨੇ ਕਿਹਾ ਕਿ ਸੰਕਟ ਵਧਾਉਣ ‘ਚ ਜੈਵਿਕ ਈਂਧਨ ਕੰਪਨੀਆਂ ਦੀ ਕੇਂਦਰੀ ਭੂਮਿਕਾ ਰਹੀ। ‘ਇੰਪੀਰੀਅਲ ਕਾਲਜ ਲੰਡਨ’ ਦੀ ਐਮੇਰਿਟਸ ਪ੍ਰੋਫੈਸਰ ਜੋਆਨਾ ਹਾਈ ਨੇ ਕਿਹਾ, ”ਇਹ ਆਫ਼ਤਾਂ ਕੁਦਰਤੀ ਨਹੀਂ। ਇਹ ਜੈਵਿਕ ਈਂਧਨ ਦੇ ਵਿਸਤਾਰ ਤੇ ਸਿਆਸੀ ਦੇਰੀ ਦਾ ਨਤੀਜਾ ਹਨ।”
ਰਿਪੋਰਟ ਅਨੁਸਾਰ ਕੁਦਰਤੀ ਆਫ਼ਤਾਂ ਕਾਰਨ ਨੁਕਸਾਨ 122 ਅਰਬ ਅਮਰੀਕੀ ਡਾਲਰ ਤੋਂ ਵੀ ਵੱਧ ਰਿਹਾ। ਰਿਪੋਰਟ ‘ਚ ਕਿਹਾ ਗਿਆ ਹੈ, ”2025 ‘ਚ ਸਭ ਤੋਂ ਵੱਧ ਆਰਥਿਕ ਨੁਕਸਾਨ ਪਹੁੰਚਾਉਣ ਵਾਲੀਆਂ ਘਟਨਾਵਾਂ ਦੇ ਲਿਹਾਜ਼ ਨਾਲ ਅਮਰੀਕਾ ‘ਤੇ ਸਭ ਤੋਂ ਵੱਧ ਅਸਰ ਪਿਆ। ਆਰਥਿਕ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੀਆਂ 10 ਵੱਡੀਆਂ ਘਟਨਾਵਾਂ ‘ਚੋਂ ਕੈਲੀਫੋਰਨੀਆ ਦੀ ਅੱਗ ਸਭ ਤੋਂ ਵੱਡੀ ਘਟਨਾ ਰਹੀ, ਜਿਸ ‘ਚ ਤਕਰੀਬਨ 60 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਅਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋਈ।” ਸਭ ਤੋਂ ਵੱਧ ਨੁਕਸਾਨ ਕਰਨ ਵਾਲੀਆਂ ਸਿਖ਼ਰੀਆਂ ਛੇ ਘਟਨਾਵਾਂ ‘ਚੋਂ ਚਾਰ ਏਸ਼ੀਆਂ ਦੀਆਂ ਹਨ। ਭਾਰਤ ਤੇ ਪਾਕਿਸਤਾਨ ‘ਚ ਹੜ੍ਹਾਂ ਕਾਰਨ 1,860 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ, ਛੇ ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਅਤੇ ਇਕੱਲੇ ਪਾਕਿਸਤਾਨ ‘ਚ 70 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ।