ਭਾਜਪਾ ਨੂੰ 82; ਕਾਂਗਰਸ ਨੂੰ 7.81 ਤੇ ਤ੍ਰਿਣਮੂਲ ਕਾਂਗਰਸ ਨੂੰ 2.67 ਫੀਸਦੀ ਚੰਦਾ ਮਿਲਿਆ
ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)-ਵਿੱਤੀ ਸਾਲ 2024-25 ‘ਚ ਚੋਣ ਟਰੱਸਟਾਂ ਨੂੰ 3,826.34 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਅਤੇ ਉਨ੍ਹਾਂ 3,826.35 ਕਰੋੜ ਰੁਪਏ ਸਿਆਸੀ ਪਾਰਟੀਆਂ ਨੂੰ ਵੰਡੇ, ਜਿਸ ‘ਚੋਂ 82 ਫੀਸਦੀ ਤੋਂ ਵੱਧ ਰਾਸ਼ੀ ਭਾਜਪਾ ਨੂੰ ਮਿਲੀ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਦਿੱਤੀ। ਚੋਣ ਕਮਿਸ਼ਨ ਕੋਲ ਪੇਸ਼ ਚੰਦੇ ਦੇ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੀ ਨਵੀਂ ਰਿਪੋਰਟ ‘ਚ ਐੱਨ.ਜੀ.ਓ. ਨੇ ਕਿਹਾ ਕਿ ਰਜਿਸਟਰਡ 20 ਚੋਣ ਟਰੱਸਟਾਂ ‘ਚੋਂ 10 ਨੇ ਵਿੱਤੀ ਸਾਲ 2025 ਦੌਰਾਨ ਚੰਦਾ ਪ੍ਰਾਪਤ ਕਰਨ ਦਾ ਐਲਾਨ ਕੀਤਾ ਅਤੇ ਪੰਜ ਟਰੱਸਟਾਂ ਦੀ ਰਿਪੋਰਟ ਸਮਾਂਹੱਦ ਦੇ ਤਿੰਨ ਮਹੀਨੇ ਬਾਅਦ ਵੀ ਚੋਣ ਕਮਿਸ਼ਨ ਵੈੱਬਸਾਈਟ ‘ਤੇ ਮੁਹੱਈਆ ਨਹੀਂ ਸੀ। ਏ.ਡੀ.ਆਰ. ਅਨੁਸਾਰ ਵਿੱਤੀ ਸਾਲ ਦੌਰਾਨ ਕਾਰਪੋਰੇਸ਼ਨਾਂ ਤੇ ਵਿਅਕਤੀਆਂ ਤੋਂ ਕੁੱਲ 3,826.3417 ਕਰੋੜ ਰੁਪਏ ਪ੍ਰਾਪਤ ਹੋਏ ਅਤੇ 3,826.3522 ਕਰੋੜ ਰੁਪਏ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਵੰਡੇ ਗਏ। ਨਿਯਮਾਂ ਤਹਿਤ ਟਰੱਸਟਾਂ ਨੂੰ ਇਕ ਸਾਲ ਅੰਦਰ ਪ੍ਰਾਪਤ ਚੰਦੇ ਦਾ ਘੱਟੋ-ਘੱਟ 95 ਫੀਸਦੀ ਹਿੱਸਾ ਵੰਡਣਾ ਲਾਜ਼ਮੀ ਹੁੰਦਾ ਹੈ। ਸੱਤਾ ਧਿਰ ਭਾਜਪਾ ਨੂੰ 3,157.6449 ਕਰੋੜ ਰੁਪਏ ਮਿਲੇ, ਜੋ ਚੋਣ ਟਰੱਸਟਾਂ ਵੱਲੋਂ ਵੱਡੀ ਗਈ ਕੁੱਲ ਰਾਸ਼ੀ ਦਾ 82.52 ਫੀਸਦੀ ਹਿੱਸਾ ਹੈ। ਕਾਂਗਰਸ ਨੂੰ 298.7795 ਕਰੋੜ ਰੁਪਏ (7.81 ਫੀਸਦੀ) ਮਿਲੇ ਅਤੇ ਤ੍ਰਿਣਮੂਲ ਕਾਂਗਰਸ ਨੂੰ 102 ਕਰੋੜ (2.67 ਫੀਸਦੀ) ਰੁਪਏ ਮਿਲੇ। ਹੋਰ 19 ਪਾਰਟੀਆਂ ਨੂੰ ਕੁੱਲ ਮਿਲਾ ਕੇ 267.9178 ਕਰੋੜ ਰੁਪਏ ਪ੍ਰਾਪਤ ਹੋਏ। ਏ.ਡੀ.ਆਰ. ਨੇ ਦੱਸਿਆ ਕਿ 228 ਕਾਰਪੋਰੇਟਾਂ ਜਾਂ ਕਾਰੋਬਾਰੀ ਘਰਾਣਿਆਂ ਨੇ 3,636.819 ਕਰੋੜ ਰੁਪਏ ਦਾ ਯੋਗਦਾਨ ਪਾਇਆ ਅਤੇ 99 ਵਿਅਕਤੀਆਂ ਨੇ 187.6227 ਕਰੋੜ ਰੁਪਏ ਦਾਨ ਕੀਤੇ।
2024-25 ‘ਚ ਚੋਣ ਟਰੱਸਟਾਂ ਨੂੰ 3,826.34 ਕਰੋੜ ਰੁਪਏ ਦਾ ਚੰਦਾ ਮਿਲਿਆ

